ਮੁੰਬਈ: ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੀ ਪਹਿਲੀ ਬਹੁ-ਭਾਸ਼ਾਈ ਫੀਚਰ ਫ਼ਿਲਮ ‘ਫਰੈਂਡਸ਼ਿਪ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਜਲਦ ਹੀ ਇਸ ਦੀ ਕਈ ਭਾਸ਼ਾਵਾਂ ਵਿੱਚ ਡੱਬਿੰਗ ਕੀਤੀ ਜਾਵੇਗੀ। ਫ਼ਿਲਮ ਦੇ ਡਾਇਰੈਕਟਰ ਜੌਹਨ ਪਾਲ ਰਾਜ ਅਤੇ ਸ਼ਾਮ ਸੂਰਿਆ ਹਨ, ਜਦੋਂਕਿ ਦੱਖਣੀ ਸਟਾਰ ਅਰਜੁਨ ਅਤੇ ਲੋਸਲੀਆ ਨੇ ਵੀ ਇਸ ਵਿੱਚ ਕੰਮ ਕੀਤਾ ਹੈ। ਪ੍ਰੋਡਿਊਸਰ ਕਿਰਨ ਰੈੱਡੀ ਮੰਦਾਦੀ ਨੇ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਤੋਂ ਟੀਮ ਕਾਫ਼ੀ ਖ਼ੁਸ਼ ਹੈ। ਉਨ੍ਹਾਂ ਕਿਹਾ, ‘‘ਹਮੇਸ਼ਾ ਖ਼ੁਸ਼ ਰਹਿਣ ਵਾਲੇ ਅਤੇ ਊਰਜਾ ਨਾਲ ਭਰਪੂਰ ਹਰਭਜਨ ਨਾਲ ਕੰਮ ਕਰਨ ਦਾ ਤਜਰਬਾ ਸ਼ਾਨਦਾਰ ਰਿਹਾ। ਉਹ ਜਲਦ ਹੀ ਡੱਬਿੰਗ ਦਾ ਕੰਮ ਸ਼ੁਰੂ ਕਰ ਰਹੇ ਹਨ ਕਿਉਂਕਿ ਫ਼ਿਲਮ ਕਈ ਭਾਸ਼ਾਵਾ ਹਿੰਦੀ, ਤਮਿਲ, ਪੰਜਾਬੀ ਅਤੇ ਤੇਲਗੂ ਵਿੱਚ ਰਿਲੀਜ਼ ਕੀਤੀ ਜਾਵੇਗੀ।’’ ਪ੍ਰੋਡਿਊਸਰ ਨੇ ਕਿਹਾ, ‘‘ਹਰਭਜਨ ਦਾ ਸਕ੍ਰੀਨ ’ਤੇ ਵੱਖ ਵੱਖ ਅਵਤਾਰ ਵਿੱਚ ਨਜ਼ਰ ਆਉਣਾ ਅਤੇ ਵੱਖ-ਵੱਖ ਭਾਸ਼ਾਵਾਂ ਬੋਲਣਾ ਰੋਮਾਂਚਕ ਹੋਵੇਗਾ, ਜੋ ਦਰਸ਼ਕਾਂ ਤੱਕ ਛੇਤੀ ਹੀ ਪਹੁੰਚਣਗੇ।’’ ਮੰਦਾਦੀ ਨੇ ਦੱਸਿਆ ਕਿ ਟੀਮ ਇਸ ਮਹੀਨੇ ਦੇ ਅਖ਼ੀਰ ਤੱਕ ਫ਼ਿਲਮ ਦਾ ਟਰੇਲਰ ਜਾਰੀ ਕਰਨ ’ਤੇ ਕੰਮ ਕਰ ਰਹੀ ਹੈ। ਹਰਭਜਨ ਸਿੰਘ ਨੇ ਪੂਰੀ ਫ਼ਿਲਮ ਵਿੱਚ ਕੰਮ ਕੀਤਾ ਹੈ, ਜਦੋਂਕਿ ਇਸ ਤੋਂ ਪਹਿਲਾਂ ‘ਮੁਝਸੇ ਸ਼ਾਦੀ ਕਰੋਗੀ’ (2004) ਅਤੇ ‘ਭਾਅਜੀ ਇਨ ਪ੍ਰੋਬਲਮ’ (2013) ਵਿੱਚ ਉਹ ਮਹਿਮਾਨ ਵਜੋਂ ਨਜ਼ਰ ਆਏ। –ਪੀਟੀਆਈ