ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਅਪਰੈਲ
ਰੰਗ ਮੰਚ ਸੰਸਥਾ ਵੱਲੋਂ ਵਿਰਸਾ ਵਿਹਾਰ ਕੇਂਦਰ ਵਿੱਚ ਚੱਲ ਰਹੇ ਰਾਸ਼ਟਰੀ ਰੰਗਮੰਚ ਉਤਸਵ ਦੌਰਾਨ ਨਾਵਲਕਾਰ ਨਾਨਕ ਸਿੰਘ ਦੀ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਬਾਰੇ ਲਿਖੀ ਲੰਮੀ ਕਵਿਤਾ ਤੋਂ ਪ੍ਰੇਰਿਤ ਇਕ ਨਾਟਕ ‘ਖੂਨੀ ਵਿਸਾਖੀ’ ਦਾ ਮੰਚਨ ਕੀਤਾ ਗਿਆ। ਇਹ ਨਾਟਕ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੋਇਆ ਹੈ। ਇੱਥੇ ਅੱਜ ਇਹ ਨਾਟਕ ਦੇਖਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਹੀ ਕੌਮੀ ਕਾਨਫਰੰਸ ਵਿੱਚ ਸ਼ਾਮਲ ਸਮੂਹ ਡੈਲੀਗੇਟ ਪੁੱਜੇ ਹੋਏ ਸਨ।
ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਪੇਸ਼ ਕੀਤਾ ਗਿਆ ਇਹ ਨਾਟਕ ਜੱਲ੍ਹਿਆਂਵਾਲਾ ਬਾਗ਼ ਹੱਤਿਆ ਕਾਂਡ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਨਾਟਕ ਅੱਜ ਦੇ ਸਮੇਂ ਦੇ ਜੱਲ੍ਹਿਆਂਵਾਲਾ ਬਾਗ਼ ਤੋਂ ਸ਼ੁਰੂ ਹੁੰਦਾ ਹੈ ਤੇ ਇਕ ਨਵੇਂ ਸੰਦੇਸ਼ ਨਾਲ ਖ਼ਤਮ ਹੁੰਦਾ ਹੈ। ਇਸ ਨਾਟਕ ਵਿੱਚ ਇਤਿਹਾਸ ਵੀ ਹੈ ਤੇ ‘ਅੱਜ’ ਵੀ ਹੈ।
ਨਾਟਕ ਵਿੱਚ ਨਾਵਲਕਾਰ ਨਾਨਕ ਸਿੰਘ ਵੱਲੋਂ 1919 ਵਿੱਚ ਲਿਖੀ ਕਵਿਤਾ ‘ਖੂਨੀ ਵਿਸਾਖੀ’ ਵੀ ਸ਼ਾਮਲ ਹੈ। ਇਸ ਨਾਟਕ ਵਿੱਚ ਗੁਰਤੇਜ ਮਾਨ, ਗੁਰਦਿੱਤ ਸਿੰਘ, ਸਾਜਨ ਕੋਹੇਨੂਰ, ਡੋਲੀ ਸੱਡਲ, ਵਿਜੈ ਕੁਮਾਰ, ਅੰਕਿਤਾ ਸ਼ਰਮਾ, ਸਤਨਾਮ ਮੂਧਲ, ਹਰਪ੍ਰੀਤ ਸਿੰਘ, ਰੋਹਨ ਕੰਬੋਜ, ਜਸਵੰਤ ਸਿੰਘ, ਨਿਸ਼ਾਨ ਸਿੰਘ ਅਤੇ ਵਿਸ਼ਾਲ ਸ਼ਰਮਾ ਸਮੇਤ ਹੋਰ ਕਲਾਕਾਰਾਂ ਨੇ ਭੂਮਿਕਾ ਨਿਭਾਈ। ਨਾਟਕ ਦਾ ਸੰਗੀਤ ਲੋਪੋਕੇ ਭਰਾਵਾਂ ਲਖਬੀਰ ਸਿੰਘ ਅਤੇ ਰਜਿੰਦਰ ਸਿੰਘ ਵੱਲੋਂ ਦਿੱਤਾ ਗਿਆ। ਇਸ ਮੌਕੇ ਇਕਬਾਲ ਸਿੰਘ ਪੱਟੀ, ਸਤਿੰਦਰ ਓਠੀ, ਡਾ. ਸਰਬਜੀਤ ਕੌਰ ਸੋਹਲ, ਖਾਲਿਦ ਹੁਸੈਨ, ਹਰਦੀਪ ਗਿੱਲ, ਡਾ. ਕੁਲਬੀਰ ਸਿੰਘ ਸੂਰੀ, ਹਿਰਦੇਪਾਲ ਸਿੰਘ, ਡਾ. ਜੋਗਾ ਸਿੰਘ, ਡਾ. ਸੁਖਦੇਵ ਸਿੰਘ, ਲਾਭ ਸਿੰਘ ਖੀਵਾ, ਹਰਵਿੰਦਰ ਕੰਗ, ਨੀਲੀਮਾ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸ਼ਖਸੀਅਤਾਂ ਹਾਜ਼ਰ ਸਨ।