ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਜੁਲਾਈ
ਦਿੱਲੀ ਦੀਆਂ ਬਰੂਹਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਭਲਕੇ ਅੱਠ ਮਹੀਨੇ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਤੇਜ਼ ਕਰਨ ਲਈ ‘ਮਿਸ਼ਨ ਉੱਤਰ ਪ੍ਰਦੇਸ਼’ ਸੋਮਵਾਰ ਨੂੰ ਲਖਨਊ ਤੋਂ ਸ਼ੁਰੂ ਕੀਤਾ ਜਾਵੇਗਾ। ਯੂਪੀ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਉਥੇ ਹੁਕਮਰਾਨ ਭਾਜਪਾ ਨੂੰ ਮਾਤ ਦੇਣ ਲਈ ਕਿਸਾਨਾਂ ਨੇ ਕਮਰ ਕਸ ਲਈ ਹੈ।
ਕਿਸਾਨ ਆਗੂ ਡਾ. ਦਰਸ਼ਨ ਪਾਲ ਅਤੇ ਯੁੱਧਵੀਰ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਭਲਕੇ ਮਿਸ਼ਨ ਯੂਪੀ ਦੀ ਸ਼ੁਰੂਆਤ ਲਈ ਲਖਨਊ ਜਾ ਰਹੇ ਹਨ। ਉਹ ਉਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਯੂਪੀ ’ਚ ਪੰਚਾਇਤੀ ਚੋਣਾਂ ਦੌਰਾਨ ਕਿਸਾਨਾਂ ਨੇ ਕਈ ਥਾਵਾਂ ’ਤੇ ਭਾਜਪਾ ਉਮੀਦਵਾਰਾਂ ਨੂੰ ਹਰਾਉਣ ’ਚ ਸਹਾਇਤਾ ਕੀਤੀ ਅਤੇ ਆਜ਼ਾਦ ਉਮੀਦਵਾਰਾਂ ਨੇ ਜ਼ਿਆਦਾਤਰ ਸੀਟਾਂ ਹਾਸਲ ਕੀਤੀਆਂ ਸਨ।
ਇਕ ਹੋਰ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਭਲਕੇ 26 ਜੁਲਾਈ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 8 ਮਹੀਨੇ ਪੂਰੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅੱਠ ਮਹੀਨਿਆਂ ਵਿਚ ਮੁਲਕ ਦੇ ਲਗਭਗ ਸਾਰੇ ਰਾਜਾਂ ਤੋਂ ਲੱਖਾਂ ਕਿਸਾਨ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਰਹੇ ਜੋ ਸਦੀਆਂ ਪੁਰਾਣੇ ਅੰਨਦਾਤਿਆਂ ਦੇ ਨੈਤਿਕ ਗੁਣਾਂ ਨੂੰ ਦਰਸਾਉਂਦੇ ਹਨ। ‘ਕਿਸਾਨ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਆਪਣੀ ਦ੍ਰਿੜ੍ਹਤਾ ਅਤੇ ਲਗਨ ਨੂੰ ਦਰਸਾਉਂਦੇ ਰਹੇ ਹਨ। ਇਸ ਸਮੇਂ ਦੌਰਾਨ ਕਿਸਾਨਾਂ ਨੇ ਬਹਾਦਰੀ ਨਾਲ ਕਈ ਤਰ੍ਹਾਂ ਦੀਆਂ ਮੌਸਮੀ ਸਮੱਸਿਆਵਾਂ ਅਤੇ ਕਿਸਾਨ ਵਿਰੋਧੀ ਸਰਕਾਰ ਦਾ ਡਟ ਕੇ ਸਾਹਮਣਾ ਕੀਤਾ ਹੈ। ਲੱਖੋਵਾਲ ਨੇ ਕਿਹਾ ਕਿ ਇਕ ਚੁਣੀ ਹੋਈ ਸਰਕਾਰ, ਜਿਹੜੀ ਮੁੱਖ ਤੌਰ ’ਤੇ ਕਿਸਾਨਾਂ ਦੀਆਂ ਵੋਟਾਂ ਨਾਲ ਸੱਤਾ ਵਿਚ ਆਈ ਹੈ, ਨੇ ਕਿਸਾਨਾਂ ’ਤੇ ਜਬਰ ਕੀਤਾ ਹੈ ਪਰ ਕਿਸਾਨ ਸਬਰ, ਇਮਾਨਦਾਰੀ ਅਤੇ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਅਤੇ ਮੰਗਾਂ ਮੰਨਵਾਉਣ ਲਈ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨਾਲ ਭਾਰਤੀ ਲੋਕਤੰਤਰ ਨੂੰ ਹੋਰ ਮਜ਼ਬੂਤੀ ਮਿਲੀ ਹੈ।
ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਪ੍ਰਦਰਸ਼ਨਕਾਰੀਆਂ ਦੀ ਅਧਿਕਾਰਤ ਗਿਣਤੀ 220 ਦੱਸੀ ਹੈ। ਸੰਯੁਕਤ ਕਿਸਾਨ ਮੋਰਚਾ ਵੀ ਇਸ ਗਿਣਤੀ ਦੀ ਪੁਸ਼ਟੀ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਹਾਲਾਂਕਿ ਜੇ ਮੋਦੀ ਸਰਕਾਰ ਮੌਜੂਦਾ ਅੰਦੋਲਨ ਵਿਚ ਹੁਣ ਤੱਕ ਘੱਟੋ ਘੱਟ 540 ਮੌਤਾਂ ਦੀ ਗਿਣਤੀ ਦੇ ਅੰਕੜੇ ਨੂੰ ਨਹੀਂ ਵੇਖਣਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਘੱਟੋ ਘੱਟ ਅਧਿਕਾਰਤ ਅੰਕੜੇ ’ਤੇ ਤਾਂ ਝਾਤ ਮਾਰਨੀ ਚਾਹੀਦੀ ਹੈ।
ਉਧਰ ਮੋਰਚੇ ਨੇ ਕਿਹਾ ਕਿ ਪਿੱਛੇ ਜਿਹੇ ਦਿੱਲੀ-ਡੱਬਵਾਲੀ ਹਾਈਵੇਅ ’ਤੇ ਕਿਸਾਨਾਂ ਨੇ ਆਵਾਜਾਈ ਠੱਪ ਕੀਤੀ ਸੀ ਅਤੇ ਉਨ੍ਹਾਂ ਪੁਲੀਸ ਵੱਲੋਂ ਗ਼ਲਤ ਢੰਗ ਨਾਲ ਗ੍ਰਿਫ਼ਤਾਰ ਕੀਤੇ ਗਏ ਪੰਜ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਅਜੇ ਛੱਡਿਆ ਨਹੀਂ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਹਿਸਾਰ, ਟੋਹਾਣਾ ਅਤੇ ਸਿਰਸਾ ਵਿਚ ਗ਼ਲਤ ਨਜ਼ਰਬੰਦੀਆਂ ਅਤੇ ਕੇਸਾਂ ਤੋਂ ਅਜੇ ਤੱਕ ਕੋਈ ਸਬਕ ਨਹੀਂ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਈ ਕਾਫਲੇ ਵੱਖ-ਵੱਖ ਵਿਰੋਧ ਸਥਾਨਾਂ ’ਤੇ ਪਹੁੰਚ ਰਹੇ ਹਨ। ਕੱਲ ਬਿਜਨੌਰ ਤੋਂ ਰਵਾਨਾ ਹੋਣ ਤੋਂ ਬਾਅਦ ਇਕ ਵਿਸ਼ਾਲ ਟਰੈਕਟਰ ਰੈਲੀ ਅੱਜ ਗਾਜ਼ੀਪੁਰ ਬਾਰਡਰ ਪਹੁੰਚੀ ਹੈ।