ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਸਤੰਬਰ
ਗ਼ਲਤ ਖ਼ਬਰ ਛਾਪਣ ਲਈ ਪੜਾਓ ਥਾਣੇ ਦੇ ਸਬ ਇੰਸਪੈਕਟਰ ਰਾਧੇ ਸ਼ਾਮ ਵੱਲੋਂ ਛਾਉਣੀ ਥਾਣੇ ਵਿਚ ਦਰਜ ਕਰਵਾਏ ਗਏ ਮਾਮਲੇ ਵਿੱਚ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ‘ਦੈਨਿਕ ਭਾਸਕਰ’ ਦੇ ਪੱਤਰਕਾਰ ਸੁਨੀਲ ਬਰਾੜ ਨੂੰ ਅੱਜ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਨੇ ਸਰਕਾਰੀ ਵਕੀਲ ਅੰਤਰਦੀਪ ਸਿੰਘ ਅਤੇ ਬਚਾਅ ਪੱਖ ਦੇ ਵਕੀਲ ਰੋਹਿਤ ਜੈਨ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਨੀਲ ਨੂੰ 30 ਹਜ਼ਾਰ ਰੁਪਏ ਦੇ ਮੁਚੱਲਕੇ ਅਤੇ ਬਰਾਬਰ ਦੀ ਰਕਮ ਦੀ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ। ਸਰਕਾਰੀ ਵਕੀਲ ਵੱਲੋਂ ਸੁਨੀਲ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਣ ’ਤੇ ਜ਼ੋਰ ਦਿੱਤਾ ਗਿਆ ਜਦੋਂਕਿ ਰੋਹਿਤ ਜੈਨ ਨੇ ਕਿਹਾ ਕਿ ਇਹ ਕੇਸ ਸਿਆਸਤ ਤੋਂ ਪ੍ਰੇਰਿਤ ਹੈ। ਅਦਾਲਤ ਨੇ ਇਸ ਆਧਾਰ ’ਤੇ ਸੁਨੀਲ ਬਰਾੜ ਦੀ ਜ਼ਮਾਨਤ ਮਨਜ਼ੂਰ ਕਰ ਲਈ ਕਿ ਖ਼ਬਰ ਵਿਚ ਅਜਿਹਾ ਕੁਝ ਨਹੀਂ ਸੀ ਜਿਸ ਨਾਲ ਦੋ ਫ਼ਿਰਕਿਆਂ ਵਿਚ ਝਗੜਾ ਹੋ ਸਕੇ। ਬਚਾਅ ਪੱਖ ਦਾ ਕਹਿਣਾ ਸੀ ਕਿ ਅੰਬਾਲਾ ਜ਼ਿਲ੍ਹੇ ਵਿਚੋਂ ਕਿਸੇ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦੀ ਆਪਣੀ ਜਾਣਕਾਰੀ ਦੇ ਆਧਾਰ ’ਤੇ ਸੁਨੀਲ ਨੇ ਖ਼ਬਰ ਛਾਪੀ ਸੀ ਕਿ ਪੰਜਾਬ ਪੁਲੀਸ ਨੇ ਆਈਓਸੀ ਡਿਪੂ ਅੰਬਾਲਾ ਕੈਂਟ ਦੇ ਲਾਗਿਓਂ ਅਤਿਵਾਦੀ ਫੜਿਆ ਹੈ। ਪੁਲੀਸ ਦੀਆਂ ਨਜ਼ਰਾਂ ਵਿਚ ਇਹ ਝੂਠੀ ਖ਼ਬਰ ਸੀ।
ਹਮਲੇ ਦੇ ਦੋਸ਼ ਹੇਠ ਦੋ ਮੁਲਜ਼ਮ ਗ੍ਰਿਫ਼ਤਾਰ
ਚੰਡੀਗੜ੍ਹ (ਆਤਿਸ਼ ਗੁਪਤਾ): ਇੱਥੋਂ ਦੇ ਸੈਕਟਰ-42 ਵਿੱਚ ਔਰਤ ’ਤੇ ਏਅਰ ਗੰਨ ਨਾਲ ਹਮਲਾ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਨੂੰ ਪੁਲੀਸ ਨੇ ਢਾਈ ਮਹੀਨੇ ਬਾਅਦ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿਨੀਤ ਨਾਰਾਇਣ ਵਾਸੀ ਮੁਜ਼ੱਫਰਨਗਰ ਅਤੇ ਕਾਜਲ ਵਾਸੀ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਇਹ ਕਾਰਵਾਈ ਥਾਣਾ ਸੈਕਟਰ-36 ਦੀ ਪੁਲੀਸ ਨੇ ਰੀਟਾ ਵਾਸੀ ਸੈਕਟਰ-42 ਦੀ ਸ਼ਿਕਾਇਤ ’ਤੇ ਕੀਤੀ ਹੈ। ਕੋਠੀ ਦੀ ਹੇਠਲੀ ਮੰਜ਼ਿਲ ’ਤੇ ਮਕਾਨ ਮਾਲਕ ਰਹਿੰਦੇ ਸਨ ਜਦਕਿ ਉਪਰਲੀ ਮੰਜ਼ਿਲ ਕਿਰਾਏ ’ਤੇ ਦਿੱਤੀ ਹੋਈ ਸੀ ਜਿੱਥੇ ਪਤੀ-ਪਤਨੀ ਰਹਿੰਦੇ ਸਨ। ਕਰੋਨਾ ਕਾਰਨ ਕੰਮ ਨਾ ਹੋਣ ਕਰਕੇ ਪਤੀ-ਪਤਨੀ ਨੇ ਮਾਲਕ ਮਕਾਨ ਤੋਂ ਇਕ ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਔਰਤ ਨੇ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਏਅਰ ਗੰਨ ਨਾਲ ਹਮਲਾ ਕਰ ਦਿੱਤਾ। ਪੁਲੀਸ ਨੇ ਦੋਹਾਂ ਨੂੰ ਸੈਕਟਰ-43 ਦੇ ਬੱਸ ਅੱਡੇ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਇਸ ਜੋੜੀ ਤੋਂ ਪੁੱਛ-ਪੜਤਾਲ ਵਿੱਚ ਪਤਾ ਚੱਲਿਆ ਕਿ ਉਹ ਪਤੀ-ਪਤਨੀ ਨਹੀਂ ਸਗੋਂ ਸਹਿਮਤੀ ਨਾਲ ਇਕੱਠੇ ਰਹਿ ਰਹੇ ਸਨ। ਅਦਾਲਤ ਨੇ ਦੋਵਾਂ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।