ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ (ਧਰਮਕੋਟ), 8 ਫਰਵਰੀ
ਕਿਸਾਨ ਅੰਦੋਲਨ ਦੌਰਾਨ ਦਿੱਲੀ ਦੀਆਂ ਸਰਹੱਦਾਂ ’ਤੇ ਲੰਬਾ ਸਮਾਂ ਡਟੇ ਰਹੇ ਡਾ. ਸਵੈਮਾਨ ਸਿੰਘ ਨੇ ਕਿਹਾ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਹਮਾਇਤੀ ਰਹੇ ਕਿਸਾਨ ਆਗੂਆਂ ਵੱਲੋਂ ਹੋਰ ਪਾਰਟੀਆਂ ਦੇ ਝੰਡੇ ਚੁੱਕਣ ਨਾਲ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ। ਅਜਿਹਾ ਹੋਣ ਨਾਲ ਪੰਜਾਬੀਆਂ ਖਾਸ ਕਰਕੇ ਕਿਸਾਨਾਂ ਦੀ ਅਣਖ ਅਤੇ ਗੈਰਤ ’ਤੇ ਵੱਡਾ ਸਵਾਲ ਖੜ੍ਹਾ ਹੋਇਆ ਹੈ। ਉਨ੍ਹਾਂ ਵੱਖ ਹੋਏ ਕਿਸਾਨੀ ਧੜਿਆਂ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦੇ ਹੱਕ ਵਿਚ ਜੁੱਟ ਕੇ ਸੱਚੇ ਪੰਜਾਬੀ ਹੋਣ ਦਾ ਸਬੂਤ ਦੇਣ। ਉਹ ਧਰਮਕੋਟ ਹਲਕੇ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਹਰਪ੍ਰੀਤ ਸਿੰਘ ਹੀਰੋ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਇੱਥੇ ਪੁੱਜੇ ਸਨ। ਉਨ੍ਹਾਂ ਪਿੰਡ ਕੜਿਆਲ, ਭਿੰਡਰ ਕਲਾਂ ਤੋਂ ਇਲਾਵਾ ਲਗਪਗ ਅੱਧੀ ਦਰਜਨ ਦੇ ਕਰੀਬ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
ਕੜਿਆਲ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਬਰਬਾਦੀ ਦਾ ਮੁੱਢ ਬੰਨ੍ਹਿਆ ਹੈ, ਅੱਜ ਸਾਡੇ ਸਾਥੀ ਉਨ੍ਹਾਂ ਦੇ ਝੰਡੇ ਚੁੱਕ ਕੇ ਆਪਸੀ ਵਖਰੇਵੇਂ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਜਿੱਤ ਨੇ ਜਿਹੜਾ ਡਰ ਕੇਂਦਰ ਸਰਕਾਰ ਅਤੇ ਹੋਰਨਾਂ ਸਿਆਸੀ ਧਿਰਾਂ ਵਿੱਚ ਪੈਦਾ ਕਰ ਦਿੱਤਾ ਸੀ, ਉਸ ਨੂੰ ਕੁਝ ਕਿਸਾਨ ਆਗੂ ਆਪਸੀ ਵਖਰੇਵੇਂ ਪੈਦਾ ਕਰ ਕੇ ਖ਼ਤਮ ਕਰਨ ’ਤੇ ਤੁਲੇ ਹੋਏ ਹਨ। ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪੈ ਸਕਦਾ ਹੈ। ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਉਹ ਖੁਦ ਡਾਕਟਰ ਹਨ ਅਤੇ ਉਨ੍ਹਾਂ ਨੇ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਸੀ ਪਰ ਦਿੱਲੀ ਸਰਕਾਰ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਸੂਬੇ ਦੇ ਪਾਣੀਆਂ ’ਤੇ ਵੀ ਡਾਕੇ ਮਾਰ ਰਹੀ ਹੈ। ਦਿੱਲੀ ਨੂੰ ਜਾਂਦੇ ਪਾਣੀ ਦਾ ਦਿੱਲੀ ਸਰਕਾਰ ਨੇ ਅਜੇ ਤੱਕ ਇਕ ਧੇਲਾ ਵੀ ਪੰਜਾਬ ਨੂੰ ਨਹੀਂ ਦਿੱਤਾ ਜਦਕਿ ਉਹ ਹੋਰਨਾਂ ਸੂਬਿਆਂ ਤੋਂ ਲੈ ਰਹੇ ਪਾਣੀ ਦਾ ਬਰਾਬਰ ਮੁਆਵਜ਼ਾ ਦੇ ਰਹੀ ਹੈ।
ਉਮੀਦਵਾਰ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਉਹ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਮੁਲਾਜ਼ਮ ਏਕਤਾ ਦੇ ਹਾਮੀ ਬਣ ਕੇ ਹਲਕੇ ਦੀ ਸੇਵਾ ਕਰਨਗੇ। ਇਸ ਮੌਕੇ ਸਰਪੰਚ ਜਸਵਿੰਦਰ ਸਿੰਘ, ਸਰਪੰਚ ਬੇਅੰਤ ਸਿੰਘ ਬਿੱਟੂ, ਦਰਸ਼ਨ ਸਿੰਘ ਸਾਬਕਾ ਖੇਤੀਬਾੜੀ ਅਫਸਰ, ਸਵਰਨ ਸਿੰਘ ਗਿੱਲ ਕੌਂਸਲਰ ਤੇ ਹੋਰ ਹਾਜ਼ਰ ਸਨ।