ਜੋਗਿੰਦਰ ਸਿੰਘ ਓਬਰਾਏ
ਖੰਨਾ, 24 ਜੂਨ
ਕੁੱਝ ਨਿੱਜੀ ਕਾਰੋਬਾਰੀਆਂ ਦੀ ਮਿਲੀਭੁਗਤ ਨਾਲ ਲੋਕ ਨਿਰਮਾਣ ਵਿਭਾਗ ਅਧਿਕਾਰੀਆਂ ਵੱਲੋਂ ਕੁਝ ਸਮਾਂ ਪਹਿਲਾਂ ਬਣੀ ਸੜਕ ਨੂੰ ਪੁੱਟ ਦਿੱਤਾ ਗਿਆ ਤੇ ਉਸ ’ਚ ਸੀਵਰੇਜ ਪਾਇਆ ਗਿਆ। ਅਜਿਹਾ ਕਰਕੇ ਵਿਭਾਗ ਨੇ ਭਾਵੇਂ ਕਾਰੋਬਾਰੀਆਂ ਨੂੰ ਲਾਭ ਪਹੁੰਚਾ ਦਿੱਤਾ ਹੈ ਪਰ ਸਰਕਾਰ ਦਾ ਨੁਕਸਾਨ ਕਰ ਦਿੱਤਾ। ਦੱਸਣਯੋਗ ਹੈ ਕਿ ਖੰਨਾ-ਸਮਰਾਲਾ ਰੋਡ ਪਿਛਲੇ ਲੰਬੇ ਸਮੇਂ ਤੋਂ ਅਤਿ ਦੀ ਖਸਤਾ ਹਾਲਤ ’ਚ ਸੀ, ਜਿਸ ਨੂੰ ਬਣਾਉਣ ਲਈ ਲੋਕਾਂ ਵੱਲੋਂ ਅਨੇਕਾਂ ਧਰਨੇ ਪ੍ਰਦਰਸ਼ਨ ਕੀਤੇ ਗਏ, ਇਸ ਪਿੱਛੋਂ ਸੜਕ ਦਾ ਕੰਮ ਆਰੰਭ ਹੋਇਆ ਸੀ। ਕਿਸਾਨ ਆਗੂ ਦਲਜੀਤ ਸਿੰਘ ਸਵੈਚ, ਰੁਪਿੰਦਰ ਸਿੰਘ, ਕੁਲਦੀਪ ਸਿੰਘ, ਰਛਪਾਲ ਸਿੰਘ, ਹਰਜੀਤ ਸਿੰਘ, ਰੂਬੀ ਸਵੈਚ ਨੇ ਦੱਸਿਆ ਕਿ ਖੰਨਾ ਦੇ ਰੇਲਵੇ ਓਵਰਬ੍ਰਿਜ ਤੋਂ ਲੈ ਕੇ ਏ.ਐੱਸ.ਕਾਲਜ ਰਜਬਾਹੇ ਤੱਕ ਕੁਝ ਨਿੱਜੀ ਕਾਰੋਬਾਰੀਆਂ ਤੇ ਸੀਵਰੇਜ ਪਾ ਰਹੇ ਠੇਕੇਦਾਰਾਂ ਵੱਲੋਂ ਰਿਪੇਅਰ ਹੋ ਚੁੱਕੀ ਸੜਕ ਨੂੰ ਪੁੱਟ ਕੇ ਰਾਤ ਦੇ ਹਨੇਰੇ ਵਿਚ ਚਾਰ ਥਾਵਾਂ ’ਤੇ ਸੀਵਰੇਜ ਪਾ ਦਿੱਤੇ ਗਏ, ਜਿਸ ’ਤੇ ਪ੍ਰਸ਼ਾਸਨ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਇਲਾਕੇ ਦੇ ਲੋਕਾਂ ਨੇ ਰੋਸ ਪ੍ਰਗਟ ਕੀਤਾ ਕਿ ਪਹਿਲਾਂ ਹੀ ਇਹ ਸੜਕ ਬੜੀ ਮੁਸ਼ਕਿਲ ਨਾਲ ਬਣੀ ਸੀ ਤੇ ਹੁਣ ਮੁੜ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਾਰੋਬਾਰੀਆਂ ਤੇ ਠੇਕੇਦਾਰਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਐਕਸੀਅਨ
ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਆਦੇਸ਼ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ, ਜੇਕਰ ਕੋਈ ਗਲਤ ਪਾਇਆ ਗਿਆ ਤਾਂ ਬਣਦੀ ਕਾਰਵਾਈ ਵੀ ਹੋਵੇਗੀ। ਏ.ਡੀ.ਸੀ ਸਕੱਤਰ ਸਿੰਘ ਬੱਲ ਨੇ ਕਿਹਾ ਕਿ ਜੇਕਰ ਸੀਵਰੇਜ ਪਾਉਣਾ ਹੀ ਸੀ ਤਾਂ ਸੜਕ ਦੀ ਮੁਰੰਮਤ ਤੋਂ ਪਹਿਲਾਂ ਪਾਉਣਾ ਚਾਹੀਦਾ ਸੀ, ਇਸ ਦੀ ਉਹ ਤੁਰੰਤ ਅਧਿਕਾਰੀਆਂ ਤੋਂ ਜਾਂਚ ਕਰਵਾਉਣਗੇ।