ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਦੀ ਨਾਰਾਜ਼ਗੀ ਮਗਰੋਂ ਪੰਜਾਬ ਪੁਲੀਸ ਨੇ ‘ਜੁਗਾੜੂ ਰੇਹੜੀ’ ’ਤੇ ਲਾਈ ਪਾਬੰਦੀ ਦੇ ਹੁਕਮ ਵਾਪਸ ਲੈ ਲਏ ਹਨ। ਪੰਜਾਬ ਪੁਲੀਸ ਵੱਲੋਂ 18 ਅਪਰੈਲ ਨੂੰ ‘ਜੁਗਾੜੂ ਰੇਹੜੀ’ ’ਤੇ ਪਾਬੰਦੀ ਲਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਮਗਰੋਂ ਸੂਬੇ ਵਿਚ ਵੱਡਾ ਰੋਸ ਪੈਦਾ ਹੋ ਗਿਆ ਸੀ। ਮੁੱਖ ਮੰਤਰੀ ਨੇ ਅੱਜ ਪਾਬੰਦੀ ਦਾ ਸਖ਼ਤ ਨੋਟਿਸ ਲੈਂਦਿਆਂ ਟਰਾਂਸਪੋਰਟ ਵਿਭਾਗ ਨਾਲ ਨਾਰਾਜ਼ਗੀ ਵੀ ਜਤਾਈ। ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਤੋਂ ਤਤਕਾਲ ਰਿਪੋਰਟ ਤਲਬ ਕੀਤੀ ਅਤੇ ਦੇਰ ਸ਼ਾਮ ਏਡੀਜੀਪੀ (ਟਰੈਫਿਕ) ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਜਿਨ੍ਹਾਂ ਅਨੁਸਾਰ ਪਹਿਲਾਂ ਜਾਰੀ ਹੁਕਮਾਂ ਦੇ ਅਮਲ ’ਤੇ ਉਪਰ ਰੋਕ ਲਗਾ ਦਿੱਤੀ ਗਈ ਹੈ। ਉਧਰ ਸ਼ਨਿਚਰਵਾਰ ਨੂੰ ਰੇਹੜੀ ਵਾਲਿਆਂ ਨੇ ਬਠਿੰਡਾ ਵਿਚ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਦਾ ਘਿਰਾਓ ਕੀਤਾ।