ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਜੂਨ
ਪੀਏਯੂ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਹਰੀ ਕ੍ਰਾਂਤੀ ਬਾਰੇ ਤਿਆਰ ਕੀਤੀ ਕੌਫੀ ਟੇਬਲ ਬੁੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਰਿਲੀਜ਼ ਕੀਤੀ। ਇਸ ਮੌਕੇ ਡਾ. ਢਿੱਲੋਂ ਨੇ ਕਿਹਾ ਕਿ ਇਸ ਕਿਤਾਬ ਦਾ ਸੁਪਨਾ ਪੰਜਾਬ ਦੇ ਖੇਤੀ ਵਿਕਾਸ ਦੀ ਲੜੀ ਨੂੰ ਸਾਹਮਣੇ ਲੈ ਕੇ ਆਉਣਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਇਹ ਵਿਚਾਰ ਆਇਆ ਅਤੇ ਅੱਜ ਇਸ ਦਾ ਸਾਕਾਰ ਰੂਪ ਇਸ ਕੌਫੀ ਟੇਬਲ ਬੁੱਕ ਦੇ ਰੂਪ ਵਿੱਚ ਸਾਹਮਣੇ ਹੈ। ਡਾ. ਢਿੱਲੋਂ ਨੇ ਕਿਹਾ ਕਿ ਹਰੀ ਕ੍ਰਾਂਤੀ ਸਿਰਫ ਉਤਪਾਦਨ ਵਿੱਚ ਵਾਧੇ ਦੀ ਕਿਰਿਆ ਹੀ ਨਹੀਂ ਸੀ ਬਲਕਿ ਇਹ ਪੰਜਾਬ ਦੇ ਇਤਿਹਾਸ ਅਤੇ ਸਮਾਜ ਨੂੰ ਮੋੜ ਦੇਣ ਵਾਲਾ ਪੜਾਅ ਸੀ। ਇਸ ਨਾਲ ਜ਼ਮੀਨੀ ਸੁਧਾਰ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਜੁੜਿਆ ਹੋਇਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਹਰੀ ਕ੍ਰਾਂਤੀ ਦਾ ਆਰੰਭ ਮੁੱਖ ਤੌਰ ’ਤੇ ਕਣਕ ਦੀ ਫਸਲ ਰਾਹੀਂ ਹੋਇਆ। ਕਣਕ ਦੇ ਪ੍ਰਸਿੱਧ ਵਿਗਿਆਨੀ ਡਾ. ਡੀ. ਐੱਸ ਅਠਵਾਲ, ਡਾ. ਸਵਾਮੀਨਾਥਨ ਅਤੇ ਡਾ. ਜੇ ਪੀ ਸ੍ਰੀਵਾਸਤਵ ਦੀ ਦੇਣ ਨੂੰ ਯਾਦ ਕਰਦਿਆਂ ਡਾ. ਢਿੱਲੋਂ ਨੇ ਉਸ ਦੌਰ ਦੇ ਵਿਗਿਆਨੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ’ਵਰਸਿਟੀ ਦੇ ਹੋਰ ਕਈ ਉੱਚ ਅਧਿਕਾਰੀ ਮੌਜੂਦ ਸਨ।