ਲਾਲੜੂ: ਇਥੋਂ ਨਜ਼ਦੀਕੀ ਪਿੰਡ ਟਿਵਾਣਾ ਵਿੱਚ ਮਹਿੰਦਰਾ ਮੋਬਾਈਲ ਪ੍ਰਾਈਮਰੀ ਹੈਲਥ ਐਂਡ ਕੈਂਸਰ ਕੇਅਰ ਪ੍ਰਾਜੈਕਟ ਅਤੇ ਗਲੋਬਲ ਕੈਂਸਰ ਕਨਸਰਨ ਇੰਡੀਆ ਦੀ ਟੀਮ ਵਲੋਂ ਮੁਫ਼ਤ ਕੈਂਸਰ ਸਕਰੀਨਿੰਗ ਕੈਂਪ ਲਾਇਆ ਗਿਆ। ਇਸ ਵਿੱਚ 82 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾ ਵਿੱਚ 59 ਔਰਤਾਂ ਅਤੇ 23 ਪੁਰਸ਼ ਸ਼ਾਮਲ ਸਨ। ਇਸ ਮੌਕੇ ਡਾ. ਹਰਬੰਸ ਸਿੰਘ ਸਰਾਂ ਨੇ ਦੱਸਿਆ ਕਿ ਇਸ ਮੌਕੇ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕੀਤਾ ਅਤੇ ਕੈਂਸਰ ਹੋਣ ਦੇ ਕਾਰਨ, ਲੱਛਣ ਅਤੇ ਇਸ ਤੋਂ ਬਚਾਅ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੈਡੀਕਲ ਕੈਂਪ ਵਿੱਚ ਮਰੀਜ਼ਾਂ ਦੇ ਟੈਸਟ ਮੁਫ਼ਤ ਕੀਤੇ ਗਏ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਹ ਕੈਂਪ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਲਾਇਆ ਗਿਆ। ਪਿੰਡ ਦੇ ਸਰਪੰਚ ਗੁਲਜ਼ਾਰ ਸਿੰਘ, ਪੰਚ ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਰਾਣੀ, ਚਰਨਜੀਤ ਕੌਰ ਅਤੇ ਗੁਰਮੀਤ ਸਿੰਘ ਨੇ ਡਾਕਟਰਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ