ਰਾਮ ਗੋਪਾਲ ਰਾਏਕੋਟੀ
ਰਾਏਕੋਟ, 26 ਅਗਸਤ
ਸਥਾਨਕ ਹਰੀ ਸਿੰਘ ਨਲਵਾ ਚੌਕ ਦੇ ਨੇੜੇ ਪੈਂਦੇ ਮੁਹੱਲਾ ਪ੍ਰੇਮ ਨਗਰ ਵਿੱਚ ਇਕ ਗੁਆਂਢੀ ਵੱਲੋਂ ਪਾਣੀ ਦੀ ਨਿਕਾਸੀ ਸਬੰਧੀ ਹੋਏ ਝਗੜੇ ’ਤੇ ਦੂਜੇ ’ਤੇ ਗੋਲੀ ਚਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਹਰੀ ਸਿੰਘ ਨਲਵਾ ਚੌਕ ਦੇ ਨਜ਼ਦੀਕ ਪੈਂਦੇ ਮੁਹੱਲਾ ਪ੍ਰੇਮ ਨਗਰ ਵਿੱਚ ਦੋ ਗੁਆਂਢੀਆਂ ਮਨੋਜ ਕੁਮਾਰ ਅਤੇ ਕ੍ਰਿਸ਼ਨ ਲਾਲ ਦਰਮਿਆਨ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ ਸੀ। ਮਨੋਜ ਕੁਮਾਰ ਦਾ ਦੋਸ਼ ਸੀ ਕਿ ਕ੍ਰਿਸ਼ਨ ਕੁਮਾਰ ਜਾਣ ਬੁੱਝ ਕੇ ਆਪਣੇ ਘਰ ਦਾ ਗੰਦਾ ਪਾਣੀ ਉਨ੍ਹਾਂ ਦੇ ਘਰ ਨੂੰ ਜਾਣ ਵਾਲੀ ਗਲੀ ਵਿੱਚ ਕੱਢਦਾ ਹੈ। ਗੰਦੇ ਪਾਣੀ ਦੀ ਬਦਬੂ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਮਾਮਲੇ ਸਬੰਧੀ ਕ੍ਰਿਸ਼ਨ ਕੁਮਾਰ ਨੇ ਦੋਸ਼ ਲਗਾਇਆ ਕਿ ਬੀਤੀ ਰਾਤ ਕਿਸੇ ਵੱਲੋਂ ਉਸ ਦੇ ਪਾਣੀ ਦੀ ਨਿਕਾਸੀ ਵਾਲੇ ਪਾਈਪ ਤੋੜ ਦਿੱਤੇ ਗਏ। ਇਸ ਤੋਂ ਬਾਅਦ ਅੱਜ ਉਨ੍ਹਾਂ ਨੇ ਸ਼ੱਕ ਦੇ ਆਧਾਰ ’ਤੇ ਮਨੋਜ ਕੁਮਾਰ ਨੂੰ ਬੁਲਾ ਕੇ ਉਸ ਨਾਲ ਗੱਲ ਕਰਨੀ ਚਾਹੀ ਤਾਂ ਮਨੋਜ ਕੁਮਾਰ ਨੇ ਆਪਣੀ ਲਾਇਸੈਂਸੀ 32 ਬੋਰ ਪਿਸਤੌਲ ਨਾਲ ਉਸ ਉਪਰ 3 ਫਾਇਰ ਦਾਗ ਦਿੱਤੇ। ਜਿਨ੍ਹਾਂ ਵਿੱਚੋਂ 2 ਫਾਇਰ ਉਸਦੇ ਹੱਥ ਦੇ ਅੰਗੂਠੇ ਅਤੇ ਚੀਚੀ ਵਿੱਚ ਲੱਗੇ ਜਦਕਿ ਤੀਜਾ ਫਾਇਰ ਧਰਤੀ ਵਿੱਚ ਲੱਗ ਕੇ ਉਸ ਦੇ ਪੈਰ ਵਿੱਚ ਲੱਗਾ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਰਾਏਕੋਟ ਵਿੱਚ ਭਰਤੀ ਕਰਵਾਇਆ ਗਿਆ। ਉਸ ਨੇ ਕਿਹਾ ਕਿ ਮਨੋਜ ਕੁਮਾਰ ਨੇ ਫਾਇਰ ਉਸ ਉਪਰ ਜਾਨ ਲੈਣ ਲਈ ਕੀਤੇ ਹਨ ਪ੍ਰੰਤੂ ਉਹ ਆਪਣੀ ਚੰਗੀ ਕਿਸਮਤ ਕਾਰਨ ਬਚ ਗਿਆ।
ਦੂਜੇ ਪਾਸੇ ਸਿਵਲ ਹਸਪਤਾਲ ਵਿੱਚ ਹੀ ਜ਼ੇਰੇ ਇਲਾਜ ਮਨੋਜ ਕੁਮਾਰ ਨੇ ਦੋਸ਼ ਲਗਾਇਆ ਕਿ ਪਾਣੀ ਦੀ ਨਿਕਾਸੀ ਨੂੰ ਲੈ ਕੇ ਕ੍ਰਿਸ਼ਨ ਲਾਲ ਦੇ ਪਰਿਵਾਰ ਵੱਲੋਂ ਉਸ ਨੂੰ ਫੋਨ ਕਰਕੇ ਗਲੀ ਵਿੱਚ ਬੁਲਾਇਆ ਗਿਆ, ਜਿੱਥੇ ਪਹਿਲਾਂ ਤੋਂ ਕ੍ਰਿਸ਼ਨ ਲਾਲ, ਉਸ ਦਾ ਬੇਟਾ ਕਬੀਰ ਕੁਮਾਰ, ਚੰਦਰ ਕੁਮਾਰ ਅਤੇ ਇੱਕ ਅਣਪਛਾਤਾ ਨੌਜਵਾਨ ਖੜ੍ਹਾ ਸੀ, ਜਿਨ੍ਹਾਂ ਨੇ ਅਚਾਨਕ ਹੀ ਉਸ ਉਪਰ ਬੇਸਬਾਲ ਨਾਲ ਹਮਲਾ ਕਰ ਦਿੱਤਾ। ਮਨੋਜ ਕੁਮਾਰ ਨੇ ਕਿਹਾ ਕਿ ਆਪਣੇ ’ਤੇ ਹੋਏ ਇਸ ਅਚਾਨਕ ਹਮਲੇ ਤੋਂ ਬਾਅਦ ਭੱਜੇ ਜਾਂਦੇ ਹੋਏ ਨੇ ਆਪਣੀ ਜਾਨ ਬਚਾਉਣ ਲਈ ਆਪਣੀ ਲਾਇਸੈਂਸੀ ਪਿਸਤੌਲ ਨਾਲ ਹਵਾਈ ਫਾਇਰ ਕੀਤੇ ਹਨ। ਜਾਣ ਬੁਝ ਕੇ ਗੋਲੀ ਨਹੀਂ ਮਾਰੀ।
ਘਟਨਾ ਉਪਰੰਤ ਮੌਕੇ ’ਤੇ ਪੁੱਜੇ ਥਾਣਾ ਸਿਟੀ ਰਾਏਕੋਟ ਦੇ ਇੰਚਾਰਜ ਅਜੈਬ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਮਨੋਜ ਕੁਮਾਰ ਪੁੱਤਰ ਕੀਮਤੀ ਲਾਲ ਦੇ ਖ਼ਿਲਾਫ਼ ਧਾਰਾ-307 ਅਸਲਾ ਐਕਟ 27/54/59 ਤਹਿਤ ਕੇਸ ਦਰਜ ਕਰਕੇ ਅਸਲਾ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ। ਜਦਕਿ ਮਨੋਜ ਕੁਮਾਰ ਵਲੋਂ ਜੋ ਬਿਆਨ ਦਰਜ ਕਰਵਾਏ ਗਏ ਹਨ ਉਸ ਤਹਿਤ ਵੀ ਉਕਤ 4 ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।