ਹਰਮੇਸ਼ ਪਾਲ ਨੀਲੇਵਾਲ
ਜ਼ੀਰਾ, 21 ਮਈ
ਬੀਤੇ ਦਿਨੀਂ ਮਖੂ ਵਿੱਚ ਹਥਿਆਰਾਂ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਮੈਂਬਰਾਂ ’ਚ ਮੁੱਖ ਮੁਲਜ਼ਮ ਨੂੰ ਪੁਲੀਸ ਨੇ ਦੇਸੀ ਪਿਸਤੌਲ, ਦੋ ਕਾਰਤੂਸ, 25000 ਰੁਪਏ ਨਕਦ ਅਤੇ ਸੋਨੇ ਦੇ ਟੌਪਸਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸੰਦੀਪ ਸਿੰਘ ਮੰਡ, ਥਾਣਾ ਮਖੂ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 13 ਮਈ ਨੂੰ ਮਖੂ ਵਿਚ ਨਕਾਬਪੋਸ਼ ਲੁਟੇਰਿਆਂ ਨੇ ਇੱਕ ਘਰ ਵਿੱਚੋਂ ਪੰਜ ਲੱਖ ਦੀ ਨਕਦੀ ਅਤੇ ਗਹਿਣੇ ਲੁੱਟੇ ਸਨ। ਇਸ ਸਬੰਧੀ ਘਰ ਦੀ ਮਾਲਕਣ ਕਮਲੇਸ਼ ਰਾਣੀ ਦੀ ਸ਼ਿਕਾਇਤ ’ਤੇ ਪੁਲੀਸ ਪੜਤਾਲ ਕਰ ਰਹੀ ਸੀ। ਅੱਜ ਪੁਲੀਸ ਨੇ ਮੁਲਜ਼ਮ ਮਨਪ੍ਰੀਤ ਸਿੰਘ ਵਾਸੀ ਲੰਗੇਆਣਾ ਨੂੰ ਕਾਬੂ ਕਰਦਿਆਂ ਉਸ ਕੋਲੋਂ ਪਿਸਤੌਲ, 2 ਕਾਰਤੂਸ, 25000 ਨਗਦ ਅਤੇ ਸੋਨੇ ਦੇ ਟੌਪਸ ਬਰਾਮਦ ਕੀਤੇ ਹਨ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਪਹਿਲਾਂ ਵੀ ਲੁੱਟ-ਖੋਹ ਦੇ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ ਰਾਣਾ ਫਿਲਿੰਗ ਸਟੇਸ਼ਨ ਜੋਗੇਵਾਲਾ ਤੋਂ 40 ਲਿਟਰ ਤੇਲ ਪੁਆ ਕੇ ਫ਼ਰਾਰ ਹੋਏ ਮੁਲਜ਼ਮਾਂ ਰਣਜੀਤ ਸਿੰਘ, ਬਲਰਾਜ ਸਿੰਘ ਅਤੇ ਹਰਮਿੰਦਰ ਸਿੰਘ ਨੂੰ ਵੀ ਪੁਲੀਸ ਨੇ ਕਾਬੂ ਕਰ ਲਿਆ ਹੈ।