ਮੁੰਬਈ, 24 ਜੂਨ
ਮੁੰਬਈ ਵਿੱਚ ਹੁਣ ਤੱਕ 2000 ਤੋਂ ਵੱਧ ਵਿਅਕਤੀ ਨਕਲੀ ਕੋਵਿਡ-19 ਟੀਕਾਕਰਨ ਕੈਂਪਾਂ ਦਾ ਸ਼ਿਕਾਰ ਬਣ ਚੁੱਕੇ ਹਨ। ਮਹਾਰਾਸ਼ਟਰ ਸਰਕਾਰ ਨੇ ਇਹ ਦਾਅਵਾ ਅੱਜ ਬੰਬੇ ਹਾਈ ਕੋਰਟ ਵਿੱਚ ਕੀਤਾ ਹੈ। ਮੁੱਖ ਸਰਕਾਰੀ ਵਕੀਲ ਦੀਪਕ ਠਾਕਰੇ ਨੇ ਕੋਰਟ ਨੂੰ ਦੱਸਿਆ ਕਿ ਹੁਣ ਤੱਕ ਸ਼ਹਿਰ ਵਿੱਚ ਘੱਟੋ-ਘੱਟ 9 ਨਕਲੀ ਕੈਂਪ ਲੱਗ ਚੁੱਕੇ ਹਨ ਤੇ ਇਸ ਮਾਮਲੇ ਵਿੱਚ ਚਾਰ ਵੱਖੋ-ਵੱਖਰੀਆਂ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਬੰਬੇ ਹਾਈ ਕੋਰਟ ਨੇ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਤੇ ਮਹਾਰਾਸ਼ਟਰ ਸਰਕਾਰ ਤੋਂ ਜਵਾਬ ਮੰਗਦਿਆਂ ਕੇਸ ਦੀ ਅਗਲੀ ਸੁਣਵਾਈ 29 ਜੂਨ ਨਿਰਧਾਰਿਤ ਕਰ ਦਿੱਤੀ ਹੈ।
ਸੂਬਾ ਸਰਕਾਰ ਨੇ ਅੱਜ ਕੋਰਟ ਨੂੰ ਦੱਸਿਆ ਕਿ ਪੁਲੀਸ ਨੇ ਹੁਣ ਤੱਕ 400 ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਤੇ ਉਪ ਨਗਰ ਕਾਂਦੀਵਲੀ ਦੀ ਹਾਊਸਿੰਗ ਸੁਸਾਇਟੀ ਵਿੱਚ ਲੱਗੇ ਫ਼ਰਜ਼ੀ ਕੈਂਪ ਵਿੱਚ ਸ਼ਾਮਲ ਡਾਕਟਰ, ਜੋ ਇਸ ਮਾਮਲੇ ਵਿੱਚ ਮੁਲਜ਼ਮ ਹੈ, ਦਾ ਥਹੁ-ਪਤਾ ਲਾਉਣ ਲਈ ਜਾਂਚ ਜਾਰੀ ਹੈ। ਠਾਕਰੇ ਨੇ ਕਿਹਾ, ‘‘ਹੁਣ ਤੱਕ ਘੱਟੋ-ਘੱਟ 2053 ਵਿਅਕਤੀ ਫ਼ਰਜ਼ੀ ਟੀਕਾਕਰਨ ਕੈਂਪਾਂ ਦਾ ਸ਼ਿਕਾਰ ਬਣ ਚੁੱਕੇ ਹਨ। ਇਨ੍ਹਾਂ ਕੈਂਪਾਂ ਦੇ ਸਬੰਧ ਵਿੱਚ ਚਾਰ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਕੁਝ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਜਦੋਂ ਕੁਝ ਅਣਪਛਾਤਿਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।’’ ਬੈਂਚ ਨੇ ਸੂਬਾ ਸਰਕਾਰ ਦੀ ਰਿਪੋਰਟ ਨੂੰ ਸਵੀਕਾਰ ਕਰਦਿਆਂ ਸਰਕਾਰ ਤੇ ਮਿਉਂਸਿਪਲ ਅਥਾਰਿਟੀਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਇਨ੍ਹਾਂ ਨਕਲੀ ਵੈਕਸੀਨਾਂ ਕਰਕੇ ਪੈਣ ਵਾਲੇ ਕਿਸੇ ਵੀ ਮਾੜੇ ਅਸਰ ਦੀ ਜਾਂਚ ਲਈ ਪੀੜਤਾਂ ਦੀ ਟੈਸਟਿੰਗ ਦੇ ਉਪਰਾਲੇ ਕਰੇ। ਕੋਰਟ ਨੇ ਨਕਲੀ ਵੈਕਸੀਨਾਂ ਦੇ ਵਿਸ਼ਾ ਵਸਤੂ ਬਾਰੇ ਸਵਾਲ ਕਰਦਿਆਂ ਕਿਹਾ, ‘ਸਾਨੂੰ ਇਹ ਫ਼ਿਕਰ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ (ਨਕਲੀ) ਵੈਕਸੀਨਾਂ ਲਵਾਈਆਂ ਹਨ, ਉਨ੍ਹਾਂ ਦਾ ਕੀ ਬਣੇਗਾ? ਉਨ੍ਹਾਂ ਨੂੰ ਕੀ ਲਾਇਆ ਗਿਆ ਹੈ ਤੇ ਇਸ ਨਕਲੀ ਵੈਕਸੀਨ ਦਾ ਕੀ ਅਸਰ ਹੋਵੇਗਾ?’’ ਬੈਂਚ ਨੇ ਇਸ ਗੱਲ ਨੂੰ ਵੀ ਗੰਭੀਰਤਾ ਨਾਲ ਲਿਆ ਕਿ ਸੂਬਾ ਸਰਕਾਰ ਨੇ ਕੋਰਟ ਵੱਲੋਂ ਇਸੇ ਮਹੀਨੇ ਪਾਸ ਹੁਕਮਾਂ ਦੇ ਬਾਵਜੂਦ ਅਜੇ ਤੱਕ ਪ੍ਰਾਈਵੇਟ ਹਾਊਸਿੰਗ ਸੁਸਾਇਟੀਆਂ, ਦਫ਼ਤਰਾਂ ਆਦਿ ਵਿੱਚ ਵਿਉਂਤੇ ਜਾਂਦੇ ਟੀਕਾਕਰਨ ਕੈਂਪਾਂ ਬਾਰੇ ਕੋਈ ਨਿਰਧਾਰਿਤ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ। ਉਧਰ ਬੀਐੱਮਸੀ ਵੱਲੋਂ ਪੇਸ਼ ਸੀਨੀਅਰ ਵਕੀਲ ਅਨਿਲ ਸਾਖਰੇ ਨੇ ਕਿਹਾ, ‘‘ਸਾਡੇ ਧਿਆਨ ਵਿੱਚ ਆਇਆ ਸੀ ਕਿ ਪੀੜਤਾਂ ਨੂੰ ਟੀਕਾ ਲਵਾਉਣ ਵਾਲੇ ਦਿਨ ਵੈਕਸੀਨੇਸ਼ਨ ਸਰਟੀਫਿਕੇਟ ਨਹੀਂ ਦਿੱਤੇ ਗਏ ਕਿਉਂਕਿ ਉਨ੍ਹਾਂ ਨੂੰ ਨਕਲੀ ਵੈਕਸੀਨਾਂ ਲਾਈਆਂ ਗਈਆਂ ਸਨ। ਮਗਰੋਂ ਤਿੰਨ ਵੱਖ ਵੱਖ ਹਸਪਤਾਲਾਂ ਦੇ ਨਾਂ ’ਤੇ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ। ਉਦੋਂ ਲੋਕਾਂ ਨੂੰ ਅਹਿਸਾਸ ਹੋਇਆ ਕਿ ਦਾਲ ਵਿੱਚ ਕੁਝ ਕਾਲਾ ਹੈ।’’ -ਪੀਟੀਆਈ