ਨਵੀਂ ਦਿੱਲੀ, 27 ਸਤੰਬਰ
ਪੁਲੀਸ ਟੀਮਾਂ ਨੇ ਅੱਜ ਸੱਤ ਰਾਜਾਂ ਵਿੱਚ ਵੱਖ ਵੱਖ ਥਾਵਾਂ ’ਤੇ ਮਾਰੇ ਛਾਪਿਆਂ ਦੌਰਾਨ ਪਾਪੂਲਰ ਫਰੰਟ ਆਫ਼ ਇੰਡੀਆ (ਪੀਐੱਫਆਈ) ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ 170 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਜਾਂ ਗ੍ਰਿਫ਼ਤਾਰ ਕੀਤਾ ਹੈ। ਸੂਬਾਈ ਪੁਲੀਸ ਟੀਮਾਂ ਨੇ ਉੱਤਰ ਪ੍ਰਦੇਸ਼, ਕਰਨਾਟਕ, ਗੁਜਰਾਤ, ਦਿੱਲੀ, ਮਹਾਰਾਸ਼ਟਰ, ਅਸਾਮ ਤੇ ਮੱਧ ਪ੍ਰਦੇਸ਼ ਵਿਚਲੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਪਹਿਲਾਂ ਐੱਨਆਈਏ ਤੇ ਈਡੀ ਸਣੇ ਹੋਰਨਾਂ ਏਜੰਸੀਆਂ ਵੱਲੋਂ 22 ਸਤੰਬਰ ਨੂੰ 15 ਰਾਜਾਂ ਵਿੱਚ ਮਾਰੇ ਛਾਪਿਆਂ ਦੌਰਾਨ ਪੀਐੱਫਆਈ ਦੇ 106 ਆਗੂਆਂ ਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਨਆਈਏ ਕੱਟੜਵਾਦੀ ਇਸਲਾਮਿਕ ਜਥੇਬੰਦੀ ਦੀ ਸ਼ਮੂਲੀਅਤ ਵਾਲੇ 19 ਕੇਸਾਂ ਦੀ ਜਾਂਚ ਕਰ ਰਹੀ ਹੈ।ਪੁਲੀਸ ਟੀਮਾਂ ਵੱਲੋਂ ਮਾਰੇ ਛਾਪਿਆਂ ਦੌਰਾਨ ਅਸਾਮ ਤੋਂ 25 ਤੇ ਮਹਾਰਾਸ਼ਟਰ ਤੋਂ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂਕਿ ਯੂਪੀ ਵਿੱਚ 57 ਜਣਿਆਂ ਨੂੰ ਹਿਰਾਸਤ ’ਚ ਲਿਆ ਹੈ। ਯੂਪੀ ਵਿੱਚ ਕੁੱਲ ਮਿਲਾ ਕੇ 26 ਜ਼ਿਲ੍ਹਿਆਂ ਵਿੱਚ ਮਾਰੇ ਛਾਪਿਆਂ ਨੂੰ ਅਤਿਵਾਦ ਵਿਰੋਧੀ ਸਕੁਐੱਡ, ਵਿਸ਼ੇਸ਼ ਟਾਸਕ ਫੋਰਸ ਤੇ ਸਥਾਨਕ ਪੁਲੀਸ ਨੇ ਮਿਲ ਕੇ ਇਕੋ ਵੇਲੇ ਅੰਜਾਮ ਦਿੱਤਾ। ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਇਸ ਦੌਰਾਨ ਕੁਝ ਦਸਤਾਵੇਜ਼ ਤੇ ਹੋਰ ਸਬੂਤ ਇਕੱਤਰ ਕੀਤੇ ਗਏ ਹਨ। ਅਗਲੇਰੀ ਕਾਰਵਾਈ ਇਨ੍ਹਾਂ ਇਕੱਤਰ ਸਬੂਤਾਂ ਦੇ ਆਧਾਰ ’ਤੇ ਹੀ ਕੀਤੀ ਜਾਵੇਗੀ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਨਿਜ਼ਾਮੂਦੀਨ ਤੇ ਸ਼ਾਹੀਨ ਬਾਗ਼ ਸਣੇ ਕਈ ਟਿਕਾਣਿਆਂ ਦੀ ਤਲਾਸ਼ੀ ਲਈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਅਸੀਂ ਕੌਮੀ ਰਾਜਧਾਨੀ ਵਿੱਚ ਸ਼ਾਹੀਨ ਬਾਗ਼ ਤੇ ਨਿਜ਼ਾਮੂਦੀਨ ਸਣੇ ਹੋਰਨਾਂ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਹੁਣ ਤੱਕ ਅਸੀਂ ਪੀਐੱਫਆਈ ਨਾਲ ਜੁੜੇ 30 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ।’’ ਅਧਿਕਾਰੀ ਮੁਤਾਬਕ ਛਾਪਿਆਂ ਦਾ ਅਮਲ ਮੰਗਲਵਾਰ ਨੂੰ ਰਾਤ ਸਾਢੇ ਬਾਰਾਂ ਵਜੇ ਸ਼ੁਰੂ ਹੋ ਕੇ ਅੱਜ ਤੜਕਸਾਰ ਤੱਕ ਚੱਲਦਾ ਰਿਹਾ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਪਿਛਲੇ ਹਫ਼ਤੇ ਪੀਐੱਫਆਈ ਕਾਰਕੁਨਾਂ ਤੋਂ ਕੀਤੀ ਪੁੱਛ-ਪੜਤਾਲ ਦੇ ਆਧਾਰ ’ਤੇ ਅੱਠ ਜ਼ਿਲ੍ਹਿਆਂ ’ਚੋਂ 21 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਅਸਾਮ ਵਿੱਚ ਗੋਲਪਾਰਾ, ਕਾਮਰੂਪ, ਧੁਬਰੀ, ਬਾਰਪੇਟਾ, ਬਕਸਾ, ਦਾਰੰਗ, ਉਡਲਪੁਰੀ ਤੇ ਕਰੀਮਗੰਜ ਵਿੱਚ ਛਾਪਿਆਂ ਦੌਰਾਨ 25 ਪੀਐੱਫਆਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸੇ ਤਰ੍ਹਾਂ ਕੁਝ ਗ੍ਰਿਫ਼ਤਾਰੀਆਂ ਗੁਜਰਾਤ ਤੇ ਕੁੱਝ ਦੱਖਣੀ ਕਰਨਾਟਕ ਤੋਂ ਕੀਤੀਆਂ ਗਈਆਂ ਹਨ। -ਪੀਟੀਆਈ