ਦਵਿੰਦਰ ਸਿੰਘ ਭੰਗੂ
ਰਈਆ, 11 ਦਸੰਬਰ
ਨੌਜਵਾਨ ਦੇ ਕਤਲ ਕੇਸ ਵਿੱਚ ਨਾਮਜ਼ਦ ਕਥਿਤ ਹੋਟਲ ਮਾਲਕਾਂ, ਪ੍ਰਬੰਧਕਾਂ ਅਤੇ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਬਿਆਸ ਪੁਲੀਸ ਵਲੋਂ ਨਿਭਾਈ ਜਾ ਰਹੀ ਪੱਖਪਾਤੀ ਭੂਮਿਕਾ ਦੇ ਰੋਸ ਵਜੋਂ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਮਜ਼ਦੂਰਾਂ ਅਤੇ ਕਿਸਾਨਾਂ ਨੇ ਅੱਜ ਬਿਆਸ ਵਿਖੇ ਨੈਸ਼ਨਲ ਹਾਈਵੇਅ ਜਾਮ ਕਰਕੇ ਪੁਲੀਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡੀ.ਐੱਸ.ਪੀ. ਬਾਬਾ ਬਕਾਲਾ ਹਰਕਿ੍ਸ਼ਨ ਸਿੰਘ ਨੇ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ, ਜਿਸ ‘ਤੇ ਪ੍ਰਦਰਸ਼ਨ ਖ਼ਤਮ ਕਰਕੇ ਜਥੇਬੰਦੀਆਂ ਤੇ ਪਰਿਵਾਰ ਨੇ ਐਲਾਨ ਕੀਤਾ ਕਿ ਜੇਕਰ ਦੋ ਦਿਨਾਂ ਦੇ ਵਿੱਚ ਵਿੱਚ ਕਾਤਲ ਗ੍ਰਿਫ਼ਤਾਰ ਨਾ ਕੀਤੇ ਗਏ ਤਾਂ ਮੁਕੰਮਲ ਤੌਰ ‘ਤੇ ਹਾਈਵੇ ਜਾਮ ਕੀਤਾ ਜਾਵੇਗਾ ਅਤੇ ਮਿ੍ਤਕ ਸਰੀਰ ਵੀ ਰੋਡ ‘ਤੇ ਰੱਖਿਆ ਜਾਵੇਗਾ। ਪੀੜਤ ਪਰਿਵਾਰ ਨੇ ਕਤਲ ਹੋਏ ਨੌਜਵਾਨ ਦਾ ਅੱਜ 13ਵੇਂ ਦਿਨ ਵੀ ਸਸਕਾਰ ਨਹੀਂ ਕੀਤਾ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ਿਲ੍ਹਾ ਸਕੱਤਰ ਰਵਿੰਦਰ ਸਿੰਘ ਛੱਜਲਵੱਡੀ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਭਗਵੰਤ ਸਿੰਘ ਮਾਨ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਹਿੰਦਾ ਸੀ ਕਿ ਸਾਡੇ ਰਾਜ ਵਿੱਚ ਕਿਸੇ ਨੂੰ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਨਹੀਂ ਪਵੇਗੀ। ਅੱਧੇ ਸਾਲ ਤੋਂ ਵੱਧ ਸਮੇਂ ਤੋਂ ਮੌਜੂਦਾ ਸਰਕਾਰ ਦੇ ਰਾਜ ਵਿੱਚ ਹਰ ਵਰਗ ਧਰਨੇ ਮੁਜ਼ਾਹਰੇ ਕਰ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਨਸਾਫ਼ ਨਾ ਮਿਲਣ ‘ਤੇ ਅੰਮ੍ਰਿਤਸਰ-ਜਲੰਧਰ ਹਾਈਵੇਅ ਮੁਕੰਮਲ ਤੌਰ ‘ਤੇ ਜਾਮ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਕਤਲ ਹੋਏ ਨੌਜਵਾਨ ਗੁਲਸ਼ਨ ਸਿੰਘ ਦੇ ਪਿਤਾ ਸੁਖਦੇਵ ਸਿੰਘ ਵਾਸੀ ਪਿੰਡ ਪਹਾੜੀਪੁਰ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਗੁਲਸ਼ਨ ਸਿੰਘ (23) ਨੂੰ ਪਹਾੜੀਪੁਰ ਪਿੰਡ ਦੀ ਇੱਕ ਔਰਤ 28 ਨਵੰਬਰ ਨੂੰ ਬਿਆਸ ਸਥਿਤ ਮੈਜਿਕਲੈਂਡ ਹੋਟਲ ਵਿਖੇ ਲੈ ਕੇ ਆਈ ਜਿੱਥੇ ਉਸ ਨੂੰ ਸਾਜ਼ਿਸ਼ ਤਹਿਤ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੋਟਲ ਮਾਲਕਾਂ, ਪ੍ਰਬੰਧਕਾਂ ਵਲੋਂ ਉਨ੍ਹਾਂ ਦੇ ਲੜਕੇ ਦੀ ਲਾਸ਼ ਹੋਟਲ ‘ਚੋਂ ਹਟਾ ਕੇ ਆਟੋ ਰਿਕਸ਼ਾ ਵਿੱਚ ਪਾ ਕੇ ਬਿਆਸ ਸਥਿਤ ਪੁਲ ਹੇਠਾਂ ਪਹੁੰਚਾ ਕੇ ਕਤਲ ਦੇ ਸੁਰਾਗ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਪਤਾ ਲੱਗਣ ‘ਤੇ ਉਹ ਉਸ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਲੈ ਕੇ ਪੁੱਜੇ ਪ੍ਰੰਤੂ ਡਾਕਟਰਾਂ ਨੇ ਦੱਸਿਆ ਕਿ ਤੁਹਾਡੇ ਬੱਚੇ ਦੀ ਮੌਤ ਹੋ ਚੁੱਕੀ ਹੈ। ਮਾਮਲਾ ਬਿਆਸ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ ਪ੍ਰੰਤੂ ਧਰਨਾ ਲਗਾਉਣ ਉਪਰੰਤ ਹੀ ਥਾਣਾ ਬਿਆਸ ਵਿਖੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ। ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਬਿਆਸ ਪੁਲੀਸ ਦੇ ਅਧਿਕਾਰੀ ਮਾਮਲੇ ਨੂੰ ਰਫਾ ਦਫਾ ਕਰਨ ਦੀਆਂ ਕੋਸ਼ਿਸ਼ ਕਰ ਰਹੇ ਹਨ ਅਤੇ ਕਥਿਤ ਹੋਟਲ ਅਜੇ ਵੀ ਚੱਲ ਰਿਹਾ ਹੈ।