ਲੰਡਨ, 23 ਅਗਸਤ
ਇਕ ਮੀਡੀਆ ਰਿਪੋਰਟ ਮੁਤਾਬਕ ਗ੍ਰਿਫ਼ਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਬਾਰੇ ਭਾਰਤ ਸਰਕਾਰ ਨੂੰ ਜਾਣਕਾਰੀ ਯੂਕੇ ਦੀਆਂ ਖੁਫ਼ੀਆ ਏਜੰਸੀਆਂ ਨੇ ਦਿੱਤੀ ਸੀ। ਉਸ ਤੋਂ ਬਾਅਦ ਹੀ ਜੌਹਲ ਨੂੰ ਪੰਜਾਬ ਪੁਲੀਸ ਨੇ ਹਿਰਾਸਤ ਵਿਚ ਲਿਆ ਸੀ। ਜ਼ਿਕਰਯੋਗ ਹੈ ਕਿ ਪੁਲੀਸ ਉਤੇ ਜਗਤਾਰ ’ਤੇ ਤਸ਼ੱਦਦ ਢਾਹੁਣ ਦੇ ਦੋਸ਼ ਲੱਗੇ ਹਨ। ਮਨੁੱਖੀ ਹੱਕਾਂ ਬਾਰੇ ਸੰਗਠਨ ‘ਰਿਪਰੀਵ’ ਨੇ ਬੀਬੀਸੀ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਗੱਲ ਦੇ ਕਾਫ਼ੀ ਠੋਸ ਸਬੂਤ ਹਨ ਕਿ ਬਰਤਾਨਵੀ ਇੰਟੈਲੀਜੈਂਸ (ਐਮਆਈ5) ਵੱਲੋਂ ਦਿੱਤੀ ਸੂਚਨਾ ’ਤੇ ਜੌਹਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਯੂਕੇ ਸਰਕਾਰ ਨੇ ਕਿਹਾ ਹੈ ਕਿ ਉਹ ਚੱਲ ਰਹੇ ਕੇਸ ਉਤੇ ਕੋਈ ਟਿੱਪਣੀ ਨਹੀਂ ਕਰਨਗੇ। ਰਿਪੋਰਟ ਮੁਤਾਬਕ ਡੰਬਾਰਟਨ (ਯੂਕੇ) ਦਾ ਰਹਿਣ ਵਾਲਾ ਜਗਤਾਰ 2017 ਵਿਚ ਭਾਰਤ ਆਇਆ ਸੀ। ਬੀਬੀਸੀ ਦੀ ਰਿਪੋਰਟ ਮੁਤਾਬਕ ਉਦੋਂ ਉਸ ਦੇ ਪਰਿਵਾਰ ਨੇ ਦੋਸ਼ ਲਾਏ ਸਨ ਕਿ ਉਸ ਨੂੰ ਇਕ ਕਾਰ ਵਿਚ ਕੁਝ ਲੋਕ ਧੱਕੇ ਨਾਲ ਲੈ ਗਏ ਹਨ। ਜਗਤਾਰ ਨੇ ਦੋਸ਼ ਲਾਇਆ ਕਿ ਉਸ ਉਤੇ ਕਈ ਦਿਨ ਤਸ਼ੱਦਦ ਕੀਤਾ ਗਿਆ ਤੇ ਕਰੰਟ ਵੀ ਲਾਇਆ ਗਿਆ। ਉਸ ਤੋਂ ਬਾਅਦ ਉਹ ਲਗਾਤਾਰ ਹਿਰਾਸਤ ਵਿਚ ਹੈ। -ਆਈਏਐੱਨਐੱਸ
ਹੱਤਿਆ ਦੀ ਸਾਜ਼ਿਸ਼ ਤੇ ਅਤਿਵਾਦ ਗਰੋਹ ਦਾ ਮੈਂਬਰ ਹੋਣ ਦੇ ਦੋਸ਼
ਇਸ ਸਾਲ ਮਈ ਵਿਚ ਜਗਤਾਰ ਸਿੰਘ ਜੌਹਲ ਉਤੇ ਹੱਤਿਆ ਦੀ ਸਾਜ਼ਿਸ਼ ਘੜਨ ਤੇ ਇਕ ਅਤਿਵਾਦੀ ਗਰੋਹ ਦਾ ਮੈਂਬਰ ਹੋਣ ਦੇ ਦੋਸ਼ ਲਾਏ ਗਏ ਹਨ। ਉਸ ਸਾਹਮਣੇ ਅਗਲੇ ਮਹੀਨੇ ਇਲਜ਼ਾਮਾਂ ਦੀ ਪੂਰੀ ਸੂਚੀ ਰੱਖੀ ਜਾਵੇਗੀ ਤੇ ਉਸ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।