ਲਿਖਤ ਦੀ ਜਾਨ
28 ਮਈ ਨੂੰ ਸੁਰਜੀਤ ਭਗਤ ਦਾ ਮਿਡਲ ‘ਅਮੀਰ ਬੰਦਾ’ ਵਧੀਆ ਸੀ ਪਰ ਇਕ ਘਾਟ ਦਿਸੀ, ਉੱਤਮ ਪੁਰਖ ਵਿਚ ਲਿਖਿਆ ਹੈ। ਉਤਮ ਪੁਰਖ, ਭਾਵ ਲੇਖਕ ਆਪਣੀ ਨੇਕੀ ਦਾ ਸਿਲਾ ਆਪ ਲੈ ਰਿਹਾ ਹੈ, ਇਸ ਨਾਲ ਲਿਖਤ ਜਾਨਦਾਰ ਨਹੀਂ ਰਹਿੰਦੀ। ਪਿਆਸ ਬਾਰੇ ਹਰਿਆਣਵੀ ਲੇਖਕ ਗਿਆਨ ਪ੍ਰਕਾਸ਼ ਵਿਵੇਕ ਦਾ ਆਪਣੇ ਪਿੰਡ ਉੱਪਰ ਲਿਖਿਆ ਲੇਖ ਪੜ੍ਹੋ। ਕੁਝ ਸਤਰਾਂ: ‘‘ਮੇਰੇ ਪਿੰਡ ਦੇ ਐਨ ਵਿਚਕਾਰ ਖੂਹ ਹੈ। ਖੂਹ ਦਾ ਪਾਣੀ ਖਾਰਾ। ਖਾਰੇ ਪਾਣੀ ਦੀ ਸਾਖੀ ਹੈ। ਮੁੱਦਤ ਪਹਿਲਾਂ ਪਿੰਡ ਵਿਚ ਦੀ ਮੁਸਾਫ਼ਰ ਲੰਘਿਆ ਸੀ। ਪਿਆਸਾ ਸੀ। ਪਿੰਡ ਨੇ ਪਾਣੀ ਨਹੀਂ ਪੁੱਛਿਆ। ਸਰਾਪ ਦੇ ਗਿਆ- ਤੁਹਾਡੇ ਖੂਹ ਦਾ ਪਾਣੀ ਖਾਰਾ ਹੋ ਜਾਵੇ। ਭਲਾ ਸੀ ਕੋਈ…ਦਰਿਆ ਦਿਲ…ਜਿਹੜਾ ਖਾਰੇ ਪਾਣੀ ਦਾ ਸਰਾਪ ਦੇ ਗਿਆ। ਜੇ ਖੂਹ ਸੁੱਕ ਜਾਣ ਦਾ ਸਰਾਪ ਦੇ ਜਾਂਦਾ, ਫਿਰ ਅਸੀਂ ਕੀ ਕਰਦੇ?
ਡਾ. ਹਰਪਾਲ ਸਿੰਘ ਪੰਨੂ, ਪਟਿਆਲਾ
ਵਤਨ ਦਾ ਹਾਲ
27 ਮਈ ਦੇ ਜਵਾਂ ਤਰੰਗ ਪੰਨੇ ਉੱਤੇ ਅਰਸ਼ਦੀਪ ਕੌਰ ਦਾ ਲੇਖ ‘ਕੀ ਹੋ ਗਿਆ ਹਾਲ ਵਤਨ ਦਾ’ ਪੜ੍ਹ ਕੇ ਲੂੰ ਕੰਡੇ ਖੜ੍ਹੇ ਹੋ ਗਏ। ਸਚਮੁੱਚ ਇਹ ਕੀ ਜ਼ਮਾਨਾ ਆ ਗਿਆ ਹੈ ਕਿ ਕਰੋਨਾ ਦੇ ਮਾਰੇ ਲੋਕ ਕਿਤੇ ਆਕਸੀਜਨ, ਕਿਤੇ ਬਿਸਤਰਿਆਂ ਤੇ ਕਿਤੇ ਵੈਂਟੀਲੇਟਰਾਂ ਨੂੰ ਤਰਸ ਰਹੇ ਹਨ। ਸ਼ਮਸ਼ਾਨਘਾਟਾਂ ’ਚ ਲੋਕ ਮੁਰਦੇ ਲੈ ਕੇ ਲਾਈਨਾਂ ’ਚ ਖੜ੍ਹੇ ਹਨ। ਮੁਰਦਿਆਂ ਨੂੰ ਦਰਿਆ ਬੁਰਦ ਕੀਤਾ ਜਾ ਰਿਹਾ ਹੈ। ਕਿੰਨਾ ਕਹਿਰ ਹੈ ਕਿ ਮੁਰਦਿਆਂ ਦੇ ਸਸਕਾਰ ਲਈ ਵੀ ਸੁਯੋਗ ਪ੍ਰਬੰਧ ਨਹੀਂ ਹੋ ਸਕਿਆ। ਜਿਵੇਂ ਵੱਡੇ ਸ਼ਹਿਰਾਂ ਜਾਂ ਦੂਜੇ ਦੇਸ਼ਾਂ ਵਿਚ ਬਿਜਲੀ ਨਾਲ ਸਸਕਾਰ ਕੀਤਾ ਜਾਂਦਾ ਹੈ ਤਾਂ ਇੱਥੇ ਵੀ ਉਹੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਵਾਤਾਵਰਨ ਦਾ ਬਚਾਓ ਵੀ ਹੋ ਸਕੇਗਾ।
ਜਸਬੀਰ ਕੌਰ, ਅੰਮ੍ਰਿਤਸਰ
ਫ਼ੋਕੀ ਬਿਆਨਬਾਜ਼ੀ
26 ਮਈ ਦਾ ਸੰਪਾਦਕੀ ‘ਇਕ ਸਾਲ ਦੀ ਦੇਰੀ’ ਵਿਚ ਦਿੱਤੇ ਗਏ ਤੱਥਾਂ ਤੋਂ ਸਾਫ਼ ਉਜਾਗਰ ਹੁੰਦਾ ਹੈ ਕਿ ਸਰਕਾਰ ਦੇਸ਼ ਦੇ ਨਾਗਰਿਕਾਂ ਦੀ ਸਿਹਤ ਪ੍ਰਤੀ ਕਿੰਨੀ ਕੁ ਗੰਭੀਰ ਹੈ। ਕਿੰਨੀ ਦਵਾਈ ਦੀ ਜ਼ਰੂਰਤ ਪੈਣੀ ਹੈ, ਇਸ ਦਾ ਹਿਸਾਬ ਕਿਤਾਬ ਕਿਉਂ ਨਹੀਂ ਲਗਾਇਆ ਗਿਆ? ਪ੍ਰਧਾਨ ਮੰਤਰੀ ਬਿਨਾਂ ਕਿਸੇ ਹਿਸਾਬ ਤੋਂ ਦਵਾਈ ਦੂਜੇ ਦੇਸ਼ਾਂ ਨੂੰ ਸਪਲਾਈ ਕਰਨ ਦੀਆਂ ਫੜ੍ਹਾਂ ਮਾਰੀ ਗਿਆ ਤੇ ਸਪਲਾਈ ਵੀ ਕੀਤੀ ਗਈ। ਵਿਕਸਤ ਦੇਸ਼ਾਂ ਦੇ ਮੁਖੀਆਂ ਨੇ ਫ਼ੋਕੀ ਵਾਹ ਵਾਹ ਖੱਟਣ ਲਈ ਗ਼ੈਰ ਜ਼ਿੰਮੇਵਾਰੀ ਵਾਲਾ ਕੋਈ ਬਿਆਨ ਨਹੀਂ ਦਿੱਤਾ ਸਗੋਂ ਲੋੜ ਅਨੁਸਾਰ ਪਹਿਲਾਂ ਹੀ ਦਵਾਈ ਦਾ ਆਰਡਰ ਦਿੱਤਾ। ਜ਼ਾਹਿਰ ਹੈ ਕਿ ਸਾਡੇ ਦੇਸ਼ ਦੇ ਨੇਤਾਵਾਂ ਅਤੇ ਅਫ਼ਸਰਸ਼ਾਹੀ ਨੂੰ ਦੇਸ਼ ਦੇ ਹਿੱਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਹ ਤਾਂ ਬਸ ਫ਼ੋਕੇ ਬਿਆਨਾਂ ਨਾਲ ਵੋਟਾਂ ਬਟੋਰਨ ਤਕ ਹੀ ਸੀਮਤ ਹਨ।
ਰਣਜੀਤ ਸਿੰਘ ਬੈਦਵਾਣ, ਈਮੇਲ
ਵਿਗਿਆਨਕ ਨਜ਼ਰੀਆ
25 ਮਈ ਦਾ ਸੰਪਾਦਕੀ ‘ਗ਼ੈਰ ਵਿਗਿਆਨਕ ਟਿੱਪਣੀਆਂ’ ਪੜ੍ਹਿਆ। ਇਹ ਸੱਚ ਹੈ ਕਿ ਸਰਕਾਰਾਂ ਕਰੋਨਾਵਾਇਰਸ ਬਾਰੇ ਪੁਖ਼ਤਾ ਅਤੇ ਵਿਗਿਆਨਕ ਜਾਣਕਾਰੀ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਹੀਆਂ ਹਨ। ਕਿਸੇ ਦੇਸ਼ ਦੀ ਖੁਸ਼ਹਾਲੀ ਤੇ ਲੋਕਾਂ ਦੀ ਖੁਸ਼ੀ ਉਸ ਦੇ ਵਧੀਆ ਸਿਹਤ ਤੇ ਸਿੱਖਿਆ ਸਹੂਲਤਾਂ ਵਿਚ ਹੁੰਦੀ ਹੈ। ਲੋਕ ਤਾਂ ਨਿੱਤ ਦਿਨ ਬਿਮਾਰੀ ਦੀ ਸਹੀ ਜਾਣਕਾਰੀ ਉਡੀਕਦੇ ਰਹਿੰਦੇ ਹਨ। ਜਦ ਕਿਸੇ ਦੇਸ਼ ਦੇ ਮੁਖੀ ਹੀ ਹਰ ਰੋਜ਼ ਗ਼ੈਰ ਵਿਗਿਆਨਕ ਗੱਲਾਂ ਕਰਨ ਤਾਂ ਬਾਕੀਆਂ ਨੂੰ ਤਾਂ ਗ਼ੈਰ ਵਿਗਿਆਨਕ ਵਿਚਾਰ ਪ੍ਰਗਟਾਉਣ ਦੀ ਖੁੱਲ੍ਹੀ ਛੋਟ ਮਿਲ ਹੀ ਜਾਂਦੀ ਹੈ।
ਮਾਸਟਰ ਪਰਮ ਵੇਦ, ਸੰਗਰੂਰ
(2)
ਸੰਵਿਧਾਨ ਦੀ ਧਾਰਾ 51 ਏ (ਐਚ) ਦੀ ਬਿਨਾਂ ਰੋਕ-ਟੋਕ ਉਲੰਘਣਾ ਕੀਤੀ ਜਾ ਰਹੀ ਹੈ। ਇਹ ਸਿਲਸਿਲਾ 2014 ਤੋਂ ਬਾਅਦ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲ ਰਿਹਾ ਹੈ। ਜਦੋਂ 2018 ਵਿਚ ਕੇਰਲ ਵਿਚ ਹੜ੍ਹਾਂ ਨੇ ਤਬਾਹੀ ਕੀਤੀ ਤਾਂ ਰਿਜ਼ਰਵ ਬੈਂਕ ਦੇ ਮੈਂਬਰ ਐਸ. ਗੁਰੂਮੂਰਤੀ ਨੇ ਇਹ ਟਵੀਟ ਕੀਤਾ ਸੀ ਕਿ ਇਹ ਕਰੋਪੀ ਇਸ ਕਰ ਕੇ ਆਈ ਹੈ ਕਿਉਂਕਿ ਕੁਝ ਔਰਤਾਂ ਨੇ ਸੁਪਰੀਮ ਕੋਰਟ ਵਿਚ ਸ਼ਬਰੀਮਾਲਾ ਮੰਦਰ ਵਿਚ ਪ੍ਰਵੇਸ਼ ਕਰਨ ਲਈ ਰਿਟ ਕੀਤੀ ਹੈ। ਸਵਾਮੀ ਚਕਰਪਾਨੀ ਨੇ ਕਿਹਾ ਕਿ ਬੀਫ਼ ਖਾਣ ਦੀ ਵਜ੍ਹਾ ਕਰ ਕੇ ਕੇਰਲ ’ਤੇ ਬਿਪਤਾ ਆਈ ਹੈ। ਇੱਥੇ ਹੀ ਬਸ ਨਹੀਂ, 2019 ਵਿਚ ਜਲੰਧਰ ਲਵਲੀ ਯੂਨੀਵਰਸਿਟੀ ਵਿਚ ਬੱਚਿਆਂ ਦੇ ਵਿਗਿਆਨਕ ਸੰਮੇਲਨ ਵਿਚ ਮੁੱਖ ਬੁਲਾਰੇ ਕਨਨ ਜਗਥਾਲਾ ਕ੍ਰਿਸ਼ਨ ਨੇ ਤਾਂ ਆਇੰਸਟਾਈਨ ਦੀ ਥਿਊਰੀ ਆਫ਼ ਰੈਲੇਟੀਵਿਟੀ, ਨਿਊਟਨ ਦੇ ਗਰੂਤਾ ਸਿਧਾਂਤ ਅਤੇ ਹਾਅਕਿੰਗ ਦੀ ਬਲੈਕ ਹੋਲ ਦੀ ਥਿਊਰੀ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਸੀ। ਹੁਣ ਇਹ ਦੁਹਰਾਇਆ ਇਸ ਲਈ ਜਾ ਰਿਹਾ ਹੈ ਕਿਉਂਕਿ ਅਜਿਹੇ ਤੱਤਾਂ ਨੂੰ ਬਖਸ਼ਿਆ ਜਾਂਦਾ ਰਿਹਾ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੋਈ ਤਾਕਤ ਅਜਿਹੇ ਅਨਸਰਾਂ ਨੂੰ ਹੱਲਾਸ਼ੇਰੀ ਦੇ ਰਹੀ ਹੋਵੇ। ਇਹੀ ਵਜ੍ਹਾ ਹੈ ਕਿ ਰਾਮਦੇਵ ਮੁਆਫ਼ੀ ਮੰਗਣ ਦੀ ਬਜਾਏ ਉਲਟਾ ਡਾਕਟਰਾਂ ਨੂੰ ਸਵਾਲ ਕਰ ਰਿਹਾ ਹੈ।
ਇੰਜ. ਦਰਸ਼ਨ ਸਿੰਘ ਭੁੱਲਰ, ਬਠਿੰਡਾ
ਸਮਾਜਿਕ ਤਾਣੇ-ਬਾਣੇ ’ਤੇ ਕਰਾਰੀ ਚੋਟ
ਮਿਡਲ ‘ਸ਼ਿਕਾਰੀ ਆਵੇਗਾ’ (21 ਮਈ) ਵਿਚ ਜਗਦੀਪ ਸਿੱਧੂ ਨੇ ਸਾਡੇ ਸਮਾਜਿਕ ਤਾਣੇ-ਬਾਣੇ ’ਤੇ ਕਰਾਰੀ ਚੋਟ ਕੀਤੀ ਹੈ। ਦਰਅਸਲ ਜਿਸ ਸਮਾਜ ਵਿਚ ਅਸੀਂ ਰਹਿ ਰਹੇ ਹਾਂ, ਉਸ ਦਾ ਢਾਂਚਾ ਸਾਡੇ ਆਗੂਆਂ ਨੇ ਕੁਝ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਜਿਸ ਵਿਚ ਪੂੰਜੀਪਤੀਆਂ ਦੀ ਹੀ ਤੂਤੀ ਬੋਲਦੀ ਹੈ। ਗ਼ਰੀਬ ਤੇ ਅਨਪੜ੍ਹ ਜਨਤਾ ਦਾ ਹਰ ਪੰਜ ਸਾਲਾਂ ਬਾਅਦ ਚੋਣਾਂ ਦੇ ਰੂਪ ਵਿਚ ਸ਼ਿਕਾਰ ਕਰ ਲਿਆ ਜਾਂਦਾ ਹੈ। ਇਸ ਸਾਰੇ ਵਰਤਾਰੇ ਨੂੰ ਰੋਕਣ ਅਤੇ ਆਪਣੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਚੇਤਨ ਹੋਣਾ ਪਵੇਗਾ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)