ਮਨੋਜ ਸ਼ਰਮਾ
ਬਠਿੰਡਾ, 27 ਮਈ
ਪੰਜਾਬ ਵਿਚ ਕਰੋਨਾ ਪੀੜਤਾਂ ਲਈ ਆਯੁਰਵੈਦਿਕ ਦਵਾਈ ਆਯੁਸ਼-64 ਪੁੱਜ ਗਈ ਹੈ। ਆਯੁਰ ਵਿਗਿਆਨ ਖੋਜ ਕੇਂਦਰ ਦੇ ਸਹਾਇਕ ਡਾਇਰੈਕਟਰ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਦਵਾਈ ਕਰੋਨਾ ਮਰੀਜ਼ਾਂ ਨੂੰ ਮੁਫ਼ਤ ਵੰਡੀ ਜਾਵੇਗੀ। ਇਸ ਲਈ ਆਯੁਸ਼ ਮੰਤਰਾਲਾ ਸਿਹਤ ਵਿਭਾਗ ਨਾਲ ਮਿਲ ਕੇ ਕੰਮ ਕਰੇਗਾ। ਸੇਵਾ ਭਾਰਤੀ ਦੇ ਪੰਜਾਬ ਇੰਚਾਰਜ ਪ੍ਰਦੀਪ ਮੌਂਗਾ ਨੇ ਦੱਸਿਆ ਕਿ ਪੰਜਾਬ ਵਿਚ 12 ਲੱਖ ਗੋਲੀਆਂ ਦੀ ਪਹਿਲੀ ਖੇਪ ਪੁੱਜ ਚੁੱਕੀ ਹੈ ਜਿਸ ਵਿਚੋਂ 10 ਲੱਖ ਗੋਲੀਆਂ ਸੇਵਾ ਭਾਰਤੀ ਕੇਂਦਰਾਂ ਵਿਚ ਭੇਜੀਆਂ ਗਈਆਂ ਹਨ। ਇਸ ਦਵਾਈ ਦੀ ਵੰਡ ਲਈ ਪੰਜਾਬ ਵਿਚ 47 ਕੇਂਦਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ, ਫਾਜ਼ਿਲਕਾ, ਮਾਨਸਾ, ਸੰਗਰੂਰ, ਖੰਨਾ, ਨਾਭਾ ਦੇ ਕੇਂਦਰਾਂ ਵਿਚੋਂ ਦਵਾਈ ਮਿਲਣੀ ਵੀ ਸ਼ੁਰੂ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਹ ਦਵਾਈ ਘਰਾਂ ਵਿੱਚ ਇਕਾਂਤਵਾਸ ਹੋਏ ਕਰੋਨਾ ਮਰੀਜ਼ਾਂ ਨੂੰ ਐਲੋਪੈਥੀ ਦਵਾਈ ਨਾਲ ਦਿੱਤੀ ਜਾਵੇਗੀ। ਵਿਭਾਗ ਮੁਤਾਬਿਕ ਦਵਾਈ ਸਿਰਫ਼ 18 ਤੋਂ 60 ਸਾਲ ਤੱਕ ਦੇ ਮਰੀਜ਼ ਲੈ ਸਕਣਗੇ ਜਿਸ ਲਈ ਮਰੀਜ਼ ਦਾ ਆਧਾਰ ਕਾਰਡ ਅਤੇ ਕਰੋਨਾ ਪਾਜ਼ੇਟਿਵ ਰਿਪੋਰਟ ਦੀ ਕਾਪੀ ਲਈ ਜਾਵੇਗੀ। ਮਰੀਜ਼ਾਂ ਨੂੰ ਆਯੁਸ਼-64 ਡੋਜ਼ ਦੇਣ ਤੋਂ ਪਹਿਲਾਂ ਸਹਿਮਤੀ ਪੱਤਰ ਵੀ ਲਿਆ ਜਾਵੇਗਾ। ਸੇਵਾ ਭਾਰਤੀ ਸੰਸਥਾ ਅਤੇ ਆਯੁਸ਼ ਮੰਤਰਾਲੇ ਦੀ ਟੀਮ ਸਿਹਤ ਵਿਭਾਗ ਤੋਂ ਬਾਕਾਇਦਾ ਕਰੋਨਾ ਮਰੀਜ਼ਾਂ ਦੀ ਲਿਸਟ ਲੈਣਗੇ ਅਤੇ ਕਰੋਨਾ ਪੀੜਤ ਮਰੀਜ਼ ਦੇ ਘਰਾਂ ਤੱਕ ਪਹੁੰਚ ਕੀਤੀ ਜਾਵੇਗੀ।