ਪੱਤਰ ਪ੍ਰੇਰਕ
ਮੌੜ ਮੰਡੀ, 16 ਸਤੰਬਰ
ਪਿੰਡ ਘੁੰਮਣ ਕਲਾਂ ਦੀ ਹੱਡਾ ਰੋੜੀ ਦਾ ਵਿਵਾਦ ਅੱਜ ਉਸ ਸਮੇਂ ਹੋਰ ਭਖ ਗਿਆ ਜਦੋਂ ਹੱਡਾ-ਰੋੜੀ ਦੀ ਮਿਣਤੀ ਕਰਨ ਆਈ ਟੀਮ ’ਤੇ ਪਿੰਡ ਦਾ ਇੱਕ ਧੜਾ ਭੜਕ ਗਿਆ। ਇਸ ਦੌਰਾਨ ਪੁਲੀਸ ਨੇ ਲੋਕਾਂ ’ਤੇ ਲਾਠੀਚਾਰਜ ਕਰ ਦਿੱਤਾ, ਜਿਸ ਕਾਰਨ ਰੋਹ ’ਚ ਆਏ ਪਿੰਡ ਵਾਸੀਆਂ ਨੇ ਟੀਮ ’ਤੇ ਪੱਥਰਾਅ ਕਰਦਿਆਂ ਨਾਇਬ ਤਹਿਸੀਲ ਨੂੰ ਬੰਦੀ ਬਣਾ ਲਿਆ ਤੇ ਬਠਿੰਡਾ-ਭਵਾਨੀਗੜ੍ਹ ਰਾਜ ਮਾਰਗ ਜਾਮ ਕਰ ਦਿੱਤਾ। ਹੱਡਾ-ਰੋੜੀ ਦੀ ਮਿਣਤੀ ਲਈ ਅੱਜ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਦੀ ਅਗਵਾਈ ਹੇਠ ਕਾਨੂੰਗੋ ਮਨਦੀਪ ਸਿੰਘ, ਜੇਈ ਮਨਪ੍ਰੀਤ ਸਿੰਘ, ਡੀਐੱਸਪੀ ਦਲਜੀਤ ਸਿੰਘ ਤੇ ਥਾਣਾ ਮੌੜ ਦੇ ਮੁਖੀ ਦਰਸ਼ਨ ਸਿੰਘ ਭਾਰੀ ਪੁਲੀਸ ਨਫ਼ਰੀ ਨਾਲ ਜਦੋਂ ਪਿੰਡ ਘੁੰਮਣ ਕਲਾਂ ਪੁੱਜੇ ਤਾਂ ਪਿੰਡ ਦਾ ਇੱਕ ਧੜਾ ਟੀਮ ਨੂੰ ਰੋਕਣ ਲਈ ਅੱਗੇ ਆ ਗਿਆ। ਲੋਕਾਂ ਨੇ ਜਦੋਂ ਟੀਮ ਨੂੰ ਮਿਣਤੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਖਦੇੜਨ ਲਈ ਲਾਠੀਚਾਰਜ ਕਰ ਦਿੱਤਾ। ਪੁਲੀਸ ਕਾਰਵਾਈ ਤੋਂ ਲੋਕ ਇੰਨੇ ਰੋਹ ’ਚ ਆ ਗਏ ਕਿ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਪੱਥਰ ਵਰ੍ਹਾ ਦਿੱਤੇ ਤੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੂੰ ਬੰਦੀ ਬਣਾ ਲਿਆ। ਇਸ ਦੌਰਾਨ ਇਕ ਬਜ਼ੁਰਗ ਗਮਦੂਰ ਸਿੰਘ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਬਠਿੰਡਾ ਲਿਜਾਇ ਗਿਆ। ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਬਠਿੰਡਾ-ਮਾਨਸਾ ਰਾਜ ਮਾਰਗ ’ਤੇ ਆਵਾਜਾਈ ਠੱਪ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸਿਕੰਦਰ ਸਿੰਘ ਘੁੰਮਣ ਨੇ ਪੁਲੀਸ ਲਾਠੀਚਾਰਜ ਦੀ ਨਿੰਦਾ ਕੀਤੀ। ਜ਼ਿਕਰਯੋਗ ਹੈ ਕਿ ਪਿੰਡ ਦਾ ਇਕ ਧੜਾ ਹੱਡਾ-ਰੋੜੀ ਬਹਾਲ ਕਰਨ ਲਈ ਮੰਗ ਕਰ ਰਿਹਾ ਸੀ ਤਾਂ ਦੂਜਾ ਹੱਡਾ-ਰੋੜੀ ਰੋਕਣ ਲਈ ਬਜ਼ਿੱਦ ਹੈ।
ਪੁਲੀਸ ਵੱਲੋਂ ਅੱਠ ਖ਼ਿਲਾਫ਼ ਕੇਸ ਦਰਜ
ਡੀਐੱਸਪੀ ਬਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅੱਠ ਵਿਅਕਤੀਆਂ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਔਰਤਾਂ ਸਮੇਤ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।