ਸੰਤੋਖ ਗਿੱਲ
ਗੁਰੂਸਰ ਸੁਧਾਰ, 27 ਮਈ
ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਲੜੀਵਾਰ ਧਰਨੇ ਦੌਰਾਨ 26 ਮਈ ਨੂੰ ਮਨਾਏ ਕਾਲੇ ਦਿਨ ਮੌਕੇ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਕੀਤੀ ਭਰਵੀਂ ਸ਼ਮੂਲੀਅਤ ਲਈ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਧਰਨੇ ਦੀ ਅਗਵਾਈ ਪਰਮਜੀਤ ਕੌਰ, ਗੁਰਮੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਨੇ ਰਾਜੇਸ਼ ਖੁੱਲਰ (ਜਪਾਨ) ਵੱਲੋਂ ਜਮਹੂਰੀ ਕਿਸਾਨ ਸਭਾ ਲਈ ਭੇਜੀ ਸਹਾਇਤਾ ਲਈ ਵੀ ਧੰਨਵਾਦ ਕੀਤਾ।
ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਨੇ ਕਿਸਾਨ ਮੋਰਚੇ ਤੋਂ ਸਪੱਸ਼ਟੀਕਰਨ ਮੰਗਿਆ
ਲੁਧਿਆਣਾ (ਗੁਰਿੰਦਰ ਸਿੰਘ): ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਦਲਿਤ ਵਰਗ ਦਾ ਰਾਖਵਾਂਕਰਨ ਖਤਮ ਕਰਵਾਉਣ ਦੀ ਕੀਤੀ ਜਾ ਰਹੀ ਮੰਗ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ। ਅੱਜ ਇੱਥੇ ਫੈਡਰੇਸ਼ਨ ਦੀ ਕੋਰ ਕਮੇਟੀ ਦੇ ਮੈਂਬਰ ਡਾ. ਰੁਪਿੰਦਰ ਸਿੰਘ ਸੁਧਾਰ ਨੇ ਸੋਸ਼ਲ ਮੀਡੀਆਂ ’ਤੇ ‘ਰਾਖਵਾਂਕਰਨ ਖਤਮ ਕਰਨ ਦੀ ਮੰਗ’ ਦੇ ਸਿਰਲੇਖ ਹੇਠ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਕੋਟ ਈਸੇ ਖਾਂ ਇਕਾਈ ਬਲਾਕ ਦੀ ਵਾਇਰਲ ਹੋ ਰਹੀ ਖਬਰ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਨੂੰ ਕਾਮਯਾਬ ਕਰਨ ’ਚ ਮਜ਼ਦੂਰ ਵਰਗ ਦਾ ਬਹੁਤ ਵੱਡਾ ਹੱਥਾ ਹੈ ਪਰ ਕਾਦੀਆਂ ਗਰੁੱਪ ਵੱਲੋਂ ਇਸ ਨਾਜ਼ੁਕ ਸਮੇਂ ਵਿੱਚ ਅਜਿਹਾ ਪ੍ਰਚਾਰ ਕਰਨਾ ਕਿਸਾਨ ਮਜ਼ਦੂਰ ਏਕਤਾ ਨੂੰ ਤਾਰਪੀਡੋ ਕਰਨ ਦੀ ਕਿਸੇ ਡੂੰਘੀ ਸਾਜਿਸ਼ ਦਾ ਹਿੱਸਾ ਜਾਪਦਾ ਹੈ।