ਪੱਤਰ ਪ੍ਰੇਰਕ
ਬਨੂੜ, 27 ਮਈ
ਅਕਾਲੀ ਦਲ ਦੇ ਕੌਂਸਲਰ ਅਤੇ ਸਾਬਕਾ ਕੌਂਸਲ ਪ੍ਰਧਾਨ ਲਛਮਣ ਸਿੰਘ ਚੰਗੇਰਾ, ਉਸ ਦੇ ਪੁੱਤਰ ਸਾਬਕਾ ਕੌਂਸਲਰ ਅਮਨਦੀਪ ਸਿੰਘ, ਭਰਾ ਬਖਸ਼ੀਸ਼ ਸਿੰਘ ਅਤੇ ਇੱਕ ਹੋਰ ਵਿਅਕਤੀ ’ਤੇ ਮਹਿਲਾ ਨਾਲ ਕੁੱਟਮਾਰ ਕਰਨ ਦੇ ਦੋਸ਼ ਅਧੀਨ ਪਿਛਲੇ ਦਿਨੀਂ ਬਨੂੜ ਪੁਲੀਸ ਵੱਲੋਂ ਦਰਜ ਕੀਤਾ ਗਿਆ ਮਾਮਲਾ ਗਰਮਾ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਬਨੂੜ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਕਥਿਤ ਦੋਸ਼ ਲਾਇਆ ਕਿ ਅਕਾਲੀ ਕੌਂਸਲਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਸਿਆਸੀ ਸ਼ਹਿ ’ਤੇ ਪਰਚਾ ਦਰਜ ਕੀਤਾ ਗਿਆ ਹੈ।
ਚੰਦੂਮਾਜਰਾ ਨੇ ਆਖਿਆ ਕਿ ਸਬੰਧਤ ਪਰਚੇ ਵਿੱਚ ਘਟਨਾ ਦੇ ਪੀੜਤਾਂ ਦੇ ਬਿਆਨਾਂ ਨੂੰ ਦਰਕਿਨਾਰ ਕਰਕੇ ਪੁਲੀਸ ਨੇ ਸਿਆਸੀ ਸ਼ਹਿ ’ਤੇ ਗ਼ੈਰ ਜ਼ਮਾਨਤੀ ਧਾਰਾਵਾਂ ਲਾਈਆਂ ਹਨ ਅਤੇ ਪੁਲੀਸ ਨੇ ਅਜਿਹਾ ਹੁਕਮਰਾਨ ਧਿਰ ਦੇ ਆਗੂਆਂ ਦੇ ਦਬਾਅ ਅਧੀਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਝੂਠੇ ਪਰਚੇ ਬਰਦਾਸ਼ਤ ਨਹੀਂ ਕਰੇਗਾ ਅਤੇ ਕਾਂਗਰਸ ਦੀਆਂ ਵਧੀਕੀਆਂ ਦਾ ਡਟ ਕੇ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਅਤੇ ਡੀਜੀਪੀ ਤੋਂ ਸਾਰੇ ਮਾਮਲੇ ਵਿੱਚ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪਰਚਾ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹ ਸੜਕਾਂ ’ਤੇ ਉਤਰਨ ਤੋਂ ਗੁਰੇਜ਼ ਨਹੀਂ ਕਰਨਗੇ।
ਅਕਾਲੀ ਕੌਂਸਲਰ ਅਤੇ ਉਸ ਦੇ ਪੁੱਤਰ ਨੂੰ ਅਗਾਊਂ ਜ਼ਮਾਨਤ ਮਿਲੀ
ਅਕਾਲੀ ਦਲ ਦੇ ਕੌਂਸਲਰ ਲਛਮਣ ਸਿੰਘ ਚੰਗੇਰਾ ਅਤੇ ਉਸ ਦੇ ਪੁੱਤਰ ਅਮਨਦੀਪ ਸਿੰਘ ਨੂੰ ਮੁਹਾਲੀ ਦੇ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਦੋਹਾਂ ਨੂੰ ਸੱਤ ਦਿਨਾਂ ਦੇ ਅੰਦਰ ਸਬੰਧਿਤ ਮਾਮਲੇ ਦੇ ਜਾਂਚ ਅਧਿਕਾਰੀ ਕੋਲ ਪੇਸ਼ ਹੋਕੇ ਤਫ਼ਤੀਸ਼ ਵਿੱਚ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਬਖਸ਼ੀਸ਼ ਸਿੰਘ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ।