ਨਵੀਂ ਦਿੱਲੀ, 27 ਮਈ
ਦਿੱਲੀ ਪੁਲੀਸ ਨੇ ਕਿਹਾ ਹੈ ਕਿ ਟੂਲਕਿੱਟ ਦੇ ਮਾਮਲੇ ’ਚ ਚੱਲ ਰਹੀ ਜਾਂਚ ’ਤੇ ਟਵਿੱਟਰ ਦਾ ਬਿਆਨ ‘ਝੂਠਾ’ ਹੈ ਅਤੇ ਇਹ ਕਾਨੂੰਨੀ ਜਾਂਚ ’ਚ ਅੜਿੱਕਾ ਡਾਹੁਣ ਦੀ ਕੋਸ਼ਿਸ਼ ਹੈ। ਦਿੱਲੀ ਪੁਲੀਸ ਦਾ ਇਹ ਸਖ਼ਤ ਬਿਆਨ ਉਸ ਵੇਲੇ ਆਇਆ ਹੈ ਜਦੋਂ ਟਵਿੱਟਰ ਨੇ ਪੁਲੀਸ ਵੱਲੋਂ ਡਰਾਉਣ-ਧਮਕਾਉਣ ਦੀ ਰਣਨੀਤੀ ਦੀ ਵਰਤੋਂ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਉਹ ਭਾਰਤ ’ਚ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਸੰਭਾਵਿਤ ਖ਼ਤਰੇ ਨੂੰ ਲੈ ਕੇ ਫਿਕਰਮੰਦ ਹੈ।
ਦਿੱਲੀ ਪੁਲੀਸ ਦੇ ਜਨਸੰਪਰਕ ਅਧਿਕਾਰੀ ਚਿਨਮਯ ਬਿਸਵਾਲ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ,‘‘ਪਹਿਲੀ ਨਜ਼ਰ ’ਚ ਇਹ ਬਿਆਨ ਨਾ ਸਿਰਫ਼ ਮਿੱਥ ਹੈ ਸਗੋਂ ਨਿੱਜੀ ਉੱਦਮ ਵੱਲੋਂ ਕਾਨੂੰਨੀ ਜਾਂਚ ’ਚ ਅੜਿੱਕਾ ਡਾਹੁਣ ਦੀ ਵੀ ਕੋਸ਼ਿਸ਼ ਹੈ। ਸੇਵਾ ਦੀਆਂ ਸ਼ਰਤਾਂ ਦੀ ਆੜ ਹੇਠ ਟਵਿੱਟਰ ਇੰਕ. ਨੇ ਸੱਚਾਈ ਦਾ ਨਬਿੇੜਾ ਖੁਦ ਹੀ ਕਰਨ ਦਾ ਫ਼ੈਸਲਾ ਕਰ ਲਿਆ ਹੈ।’’ ਪੁਲੀਸ ਦੇ ਬਿਆਨ ਮੁਤਾਬਕ ਟਵਿੱਟਰ ਜਾਂਚ ਕਰਨ ਅਤੇ ਫ਼ੈਸਲਾ ਸੁਣਾਉਣ ਵਾਲੀ ਅਥਾਰਿਟੀ, ਦੋਵੇਂ ਬਣਨਾ ਚਾਹੁੰਦੀ ਹੈ ਪਰ ਇਨ੍ਹਾਂ ’ਚੋਂ ਕਿਸੇ ਲਈ ਵੀ ਕਾਨੂੰਨੀ ਮਨਜ਼ੂਰੀ ਨਹੀਂ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਜਾਂਚ ਕਰਨ ਦਾ ਹੱਕ ਸਿਰਫ਼ ਪੁਲੀਸ ਕੋਲ ਹੈ ਅਤੇ ਫ਼ੈਸਲਾ ਅਦਾਲਤਾਂ ਸੁਣਾਉਂਦੀਆਂ ਹਨ। ਦਿੱਲੀ ਪੁਲੀਸ ਨੇ ਕਿਹਾ ਕਿ ਉਸ ਨੇ ਕਾਂਗਰਸ ਦੇ ਨੁਮਾਇੰਦਿਆਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਟੂਲਕਿੱਟ ਮਾਮਲੇ ’ਚ ਮੁੱਢਲੀ ਜਾਂਚ ਦਰਜ ਕੀਤੀ ਹੈ। ਪੁਲੀਸ ਨੇ ਕਿਹਾ ਕਿ ਟਵਿੱਟਰ ਵੱਲੋਂ ਇਹ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਪੂਰੀ ਤਰ੍ਹਾਂ ਨਾਲ ਗਲਤ ਹੈ ਕਿ ਭਾਰਤ ਸਰਕਾਰ ਦੇ ਇਸ਼ਾਰੇ ’ਤੇ ਇਹ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਮੁਤਾਬਕ ਟਵਿੱਟਰ ਦਾ ਬਿਆਨ ਅਜਿਹੇ ਸਮੇਂ ’ਚ ਮਹਿਜ਼ ਹਮਦਰਦੀ ਲੈਣ ਦੀ ਕੋਸ਼ਿਸ਼ ਹੈ ਜਦੋਂ ਉਸ ਨੇ ਨਾ ਸਿਰਫ਼ ਕਾਨੂੰਨ ਦਾ ਪਾਲਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸਗੋਂ ਸਬੂਤ ਹੋਣ ਦੇ ਬਾਵਜੂਦ ਕਾਨੂੰਨੀ ਅਥਾਰਿਟੀ ਨਾਲ ਸਾਂਝਾ ਨਹੀਂ ਕੀਤਾ ਜਾ ਰਿਹਾ ਹੈ। -ਪੀਟੀਆਈ