ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 26 ਮਈ
ਬੀਤੇ ਦਿਨੀਂ ਇੱਟਾਂ ਵੱਲੇ ਭੱਠੇ ਉੱਤੇ ਹੋਏ ਗੋਲੀ ਕਾਂਡ ਵਿੱਚ ਪੁਲੀਸ ਥਾਣਾ ਸ੍ਰੀ ਹਰਗੋਬਿੰਦਪੁਰ ਵੱਲੋਂ ਸੰਦੀਪ ਭੱਲਾ ਸਾਬਕਾ ਕੌਂਸਲਰ ਦੇ ਬਿਆਨਾਂ ਦੇ ਆਧਾਰ ’ਤੇ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਸਮੇਤ 10 ਵਿਅਕਤੀਆਂ ਵਿਰੁੱੱਧ ਕੇਸ ਦਰਜ ਕੀਤਾ ਗਿਆ ਸੀ ਜਿਸ ਨੂੰ ਮੌਜੂਦਾ ਪ੍ਰਧਾਨ ਵੱਲੋਂ ਆਪਣੇ ਨਾਲ ਹੋਈ ਧੱਕੇਸ਼ਾਹੀ ਦੱਸਦਿਆਂ ਪੁਲੀਸ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ ਸੀ।ਉਸੇ ਹੀ ਗੋਲੀ ਕਾਂਡ ਵਿੱਚ ਅੱਜ ਨਵਾਂ ਮੋੜ ਆਇਆ ਹੈ ਜਿਸ ਵਿੱਚ ਪੁਲੀਸ ਥਾਣਾ ਸ੍ਰੀ ਹਰਗੋਬਿੰਦਪੁਰ ਵੱਲੋਂ ਸੰਦੀਪ ਭੱਲਾ, ਗੌਰਵ ਭੱਲਾ, ਗਗਨਦੀਪ ਸ਼ਰਮਾ, ਹਰਦੀਪ ਸਿੰਘ, ਹਰਪ੍ਰੀਤ ਸਿੰਘ, ਰਾਜੂ ਮੁਨਸ਼ੀ, ਹਤੇਸ ਭੱਲਾ ਸਮੇਤ 4,5 ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।ਇਸ ਸਬੰਧੀ ਜਦ ਥਾਣਾ ਮੁਖੀ ਬਲਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ 23 ਮਈ ਨੂੰ ਥਾਣਾ ਸ੍ਰੀ ਹਰਗੋਬਿੰਦਪੁਰ ਵਿੱਚ ਇਰਾਦਾ ਕਤਲ 10 ਵਿਅਕਤੀਆਂ ’ਤੇ ਕੇਸ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲੀਸ ਨੂੰ ਨਵਦੀਪ ਸਿੰਘ ਪੰਨੂ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਜਦ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਸੰਦੀਪ ਭੱਲਾ ਵੱਲੋਂ ਆਪਣੇ ਸਾਥੀਆਂ ਨਾਲ ਉਸ ਦੀ ਗੱਡੀ ਰੋਕ ਕੇ ਉਸ ’ਤੇ ਜਾਨਲੇਵਾ ਹਮਲਾ ਕੀਤਾ ਅਤੇ ਉਸ ਤੇ ਗੋਲੀ ਚਲਾਈ ਗਈ ਜਿਸ ਵਿੱਚ ਉਸ ਦੇ 2 ਸਾਥੀ ਸੰਜੀਵ ਕੁਮਾਰ ਤੇ ਗੁਰਦੇਵ ਕੁਮਾਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਭਾਮ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕਾਰਵਾਈ ਕਰਦਿਆਂ ਨਵਦੀਪ ਪੰਨੂ ਦੇ ਬਿਆਨਾਂ ਦੇ ਆਧਾਰ ’ਤੇ 12 ਵਿਅਕਤੀਆਂ ਜਿਨ੍ਹਾਂ ਵਿੱਚ ਸੰਦੀਪ ਭੱਲਾ,ਗੌਰਵ ਭੱਲਾ,ਗਗਨਦੀਪ ਸ਼ਰਮਾ,ਹਰਦੀਪ ਸਿੰਘ,ਹਰਪ੍ਰੀਤ ਸਿੰਘ,ਰਾਜੂ ਮੁਨਸ਼ੀ,ਹਤੇਸ ਭੱਲਾ ਸਮੇਤ 4,5 ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।ਉਨ੍ਹਾਂ ਦੱਸਿਆਂ ਕਿ ਮਿਤੀ 23 ਮਈ ਨੂੰ ਥਾਣਾ ਸ੍ਰੀ ਹਰਗੋਬਿੰਦਪੁਰ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦਾ ਵਕੂਆ ਇੱਕ ਹੋਣ ਕਰ ਕੇ ਇਸ ਕੇਸ ਦੀ ਤਫ਼ਤੀਸ਼ ਉਕਤ ਮੁਕੱਦਮੇ ਵਿੱਚ ਕਰਾਸ ਕੇਸ ਵਜੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੁਲੀਸ ਪ੍ਰਸਾਸ਼ਨ ਵੱਲੋਂ ਦਰਜ ਕੀਤੇ ਪਰਚੇ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਪੰਨੂ ਨੇ ਕਿਹਾ ਕਿ ਉਨ੍ਹਾਂ ਨੂੰ ਪੁਲੀਸ ਪ੍ਰਸਾਸ਼ਨ ਤੇ ਪੂਰਾ ਭਰੋਸਾ ਹੈ ਜਿਨ੍ਹਾਂ ਨੇ ਇਨਸਾਫ਼ ਕੀਤਾ ਹੈ। ਦੂਜੇ ਪਾਸੇ ਸੰਦੀਪ ਭੱਲਾ ਨੇ ਆਪਣੇ ਅਤੇ ਸਾਥੀਆਂ ’ਤੇ ਦਰਜ ਹੋਏ ਪਰਚੇ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਧੱਕੇਸ਼ਾਹੀ ਹੋਈ ਹੈ ਕਿਉਂਕਿ ਉਨ੍ਹਾਂ ਦੇ ਭੱਠੇ ਉੱਤੇ ਜਾ ਕੇ ਸ਼ਰੇਆਮ ਗੋਲੀ ਚਲਾਈ ਗਈ ਹੈ ਜਿਸ ਬਾਰੇ ਸਭ ਲੋਕਾਂ ਨੂੰ ਪਤਾ ਹੈ।