ਸਰਬਜੀਤ ਸਿੰਘ ਭੰਗੂ
ਪਟਿਅਲਾ, 24 ਜੂਨ
ਪਿਛਲੇ ਦਿਨੀਂ ਭਾਵੇਂ ਇੱਥੇ ਚੰਗਾ ਮੀਂਹ ਪੈਂਦਾ ਰਿਹਾ, ਪਰ ਹੁਣ ਕਈ ਦਿਨਾਂ ਤੋਂ ਰੋਜ਼ਾਨਾ ਹੀ ਬੱਦਲਵਾਈ ਰਹਿਣ ਦੇ ਬਾਵਜੂਦ ਇੱਕ ਕਣੀ ਵੀ ਨਹੀਂ ਸੀ ਡਿੱਗੀ ਜਿਸ ਕਾਰਨ ਲੋਕਾਂ ਨੂੰ ਗਰਮੀ ਨਾਲ ਜੂਝਣਾ ਪੈ ਰਿਹਾ ਸੀ। ਜਾਣਕਾਰੀ ਮੁਤਾਬਕ ਅੱਜ ਸਵੇਰ ਤੋਂ ਹੀ ਮੌਸਮ ਖੁਸ਼ਗਵਾਰ ਰਿਹਾ ਅਤੇ ਆਖ਼ਰਕਾਰ ਦੁਪਹਿਰ ਤੋਂ ਪਹਿਲਾਂ ਹੀ ਬਾਰਿਸ਼ ਵੀ ਹੋਈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਅੱਜ ਵੱਧ ਤੋਂ ਵੱਧ ਤਾਪਮਾਨ 38 ਸੈਲਸੀਅਸ ਅਤੇ ਘੱਟ ਤੋਂ ਘੱਟ ਤੋਂ ਤਾਪਮਾਨ 27.6 ਰਿਹਾ।
ਅੱਜ ਦਾ ਇਹ ਮੀਂਹ ਭਾਵੇਂ ਕਿ ਬਹੁਤਾ ਨਹੀਂ ਸੀ, ਪਰ ਫਿਰ ਵੀ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮੀਂਹ ਦੌਰਾਨ ਕਈ ਥਾਈਂ ਨਾ ਸਿਰਫ਼ ਬੱਚੇ ਬਲਕਿ ਨੌਜਵਾਨ ਵੀ ਨਹਾਉਂਦੇ ਵੇਖੇ ਗਏ। ਉੱਧਰ, ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਦੋ ਦਿਨ ਵੀ ਇਸੇ ਤਰ੍ਹਾਂ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
ਇਸੇ ਦੌਰਾਨ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ’ਚ ਕਈ ਥਾਈਂ ਝੱਖੜ ਨਾਲ ਬਿਜਲੀ ਦੇ ਖੰਭੇ ਟੁੱਟਣ ਕਾਰਨ ਦੋ ਹਫ਼ਤਿਆਂ ਮਗਰੋਂ ਵੀ ਬਿਜਲੀ ਸਪਲਾਈ ਦੀ ਬਹਾਲੀ ਨਹੀਂ ਹੋ ਸਕੀ ਜਿਸ ਕਾਰਨ ਨਾ ਸਿਰਫ਼ ਕਿਸਾਨ ਬਲਕਿ ਪਾਵਰਕੌਮ ਦੀ ਵੀ ਮੀਂਹ ’ਤੇ ਹੀ ਟੇਕ ਲੱਗੀ ਹੋਈ ਹੈ ਕਿਉਂਕਿ ਝੋਨੇ ਦੀ ਲਵਾਈ ਜ਼ੋਰ ਫੜਨ ਕਾਰਨ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸੇ ਦੌਰਾਨ ਅੱਜ ਇੱਥੇ ਮਗਨਰੇਗਾ ਵਰਕਰਾਂ ਦੀ ਰੈਲੀ ਸੀ। ਇਹ ਰੈਲੀ ਭਾਵੇਂ ਉੱਚੇ ਪੁਲ ਦੇ ਹੇਠਾਂ ਛਾਂ ’ਚ ਸੀ, ਪਰ ਇਸ ਮੀਂਹ ਦੌਰਾਨ ਇਸ ਰੈਲੀ ਵਿਚਲੇ ਇਕੱਠ ਅਤੇ ਪੁੱਜੇ ਆਗੂਆਂ ਨੇ ਵੀ ਮੌਸਮ ਠੰਢਾ ਹੋਣ ’ਤੇ ਰਾਹਤ ਅਤੇ ਖੁਸ਼ੀ ਮਹਿਸੂੁਸ ਕੀਤੀ।