ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਮਈ
ਨੇੜਲੇ ਪਿੰਡ ਨੰਗਲਾ ਵਿਚ ਕਿਸਾਨਾਂ ਨੇ ਬਿਜਲੀ ਦਾ ਕੁਨੈਕਸ਼ਨ ਕੱਟਣ ਪੁੱਜੀ ਪਾਵਰਕੌਮ ਦੀ ਟੀਮ ’ਚ ਸ਼ਾਮਲ ਬਿਜਲੀ ਕਾਮਿਆਂ ਦਾ ਘਿਰਾਓ ਕੀਤਾ। ਰੋਹ ਵਿਚ ਆਏ ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਬਿਜਲੀ ਕਾਮਿਆਂ ਵੱਲੋਂ ਕੱਟੇ ਕੁਨੈਕਸ਼ਨ ਬਹਾਲ ਨਹੀਂ ਕੀਤੇ ਜਾਂਦੇ, ਉਦੋਂ ਤੱਕ ਬਿਜਲੀ ਕਾਮਿਆਂ ਦੀ ਘੇਰਾਬੰਦੀ ਜਾਰੀ ਰਹੇਗੀ। ਇਹ ਬਿਜਲੀ ਕੁਨੈਕਸ਼ਨ ਡਰਿੱਪ ਪ੍ਰਣਾਲੀ ਦੇ ਅਧੀਨ ਜੁੜੇ ਹੋਏ ਸਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਹਰਜਿੰਦਰ ਸਿੰਘ ਨੰਗਲਾ, ਜਰਨੈਲ ਸਿੰਘ ਮਿੱਠੂ, ਬਲਕਾਰ ਸਿੰਘ, ਬਾਬਰ ਸਿੰਘ, ਦਰਸ਼ਨ ਸਿੰਘ ਨੇ ਕਿਹਾ ਕਿ ਅੱਜ ਜਦੋਂ ਸਮੁੱਚੇ ਕਿਸਾਨ ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ‘ਕਾਲਾ ਦਿਵਸ’ ਮਨਾ ਰਹੇ ਹਨ ਤਾਂ ਇਸ ਦਾ ਫ਼ਾਇਦਾ ਉਠਾਉਂਦਿਆਂ ਪਾਵਰਕੌਮ ਟੀਮ ਬਿਜਲੀ ਦੇ ਕੁਨੈਕਸ਼ਨ ਕੱਟਣ ਪੁੱਜ ਗਈ। ਜਿਉਂ ਹੀ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਪਾਵਰਕੌਮ ਦੀ ਟੀਮ ਦਾ ਘਿਰਾਓ ਕਰ ਲਿਆ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੁਨੈਕਸ਼ਨ ਬਹਾਲ ਨਹੀਂ ਕੀਤੇ ਜਾਂਦੇ ਉਦੋਂ ਤੱਕ ਘਿਰਾਓ ਜਾਰੀ ਰਹੇਗਾ। ਇਸ ਮੌਕੇ ਕਿਸਾਨਾਂ ਨੇ ਪਾਵਰਕੌਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕੁਨੈਕਸ਼ਨ ਡਰਿੱਪ ਪ੍ਰਣਾਲੀ ਦੇ ਅਧੀਨ ਹਨ ਜਿਨ੍ਹਾਂ ਦੀ ਵਰਤੋਂ ਫਲ ਅਤੇ ਸਬਜ਼ੀਆਂ ਲਈ ਕੀਤੀ ਜਾਂਦੀ ਹੈ ਪਰ ਕਿਸਾਨ ਖੇਤਾਂ ਵਿਚ ਲਗਾਉਂਦੇ ਹਨ।
ਮੌਕੇ ’ਤੇ ਗੁਰਸੇਵਕ ਸਿੰਘ ਐਸਡੀਓ ਲਹਿਰਾਗਾਗਾ ਪੁੱਜ ਗਏ ਸਨ ਜਿਨ੍ਹਾਂ ਨੇ ਐਕਸੀਅਨ ਕੁਲਰਾਜ ਸਿੰਘ ਨੂੰ ਮਾਮਲੇ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਡਰਿੱਪ ਸਕੀਮ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਮਗਰੋਂ ਪਾਵਰਕੌਮ ਦੇ ਇਨਫੋਰਸਮੈਂਟ ਦੇ ਕਰਮਚਾਰੀ ਪੁਲੀਸ ਨੂੰ ਲੈ ਕੇ ਪੁੱਜੇ ਸਨ ਜਿਨ੍ਹਾਂ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ। ਖ਼ਬਰ ਲਿਖੇ ਜਾਣ ਤੱਕ ਘਿਰਾਓ ਜਾਰੀ ਸੀ।