ਗੁਰਦੀਪ ਸਿੰਘ ਢੁੱਡੀ
ਫਰਵਰੀ 2011 ਵਿਚ ਸਕੂਲ ਵਿਚ ਹਾਜ਼ਰ ਹੋਇਆ ਤਾਂ ਥੋੜ੍ਹੇ ਹੀ ਦਿਨਾਂ ਬਾਅਦ ਪਤਾ ਲੱਗਿਆ ਕਿ ਇਕ ਦਾਨੀ ਸੱਜਣ ਨੇ ਸਕੂਲ ਨੂੰ ਲਾਇਬਰੇਰੀ ਬਣਾ ਕੇ ਦੇਣੀ ਹੈ, ਇਵਜ਼ ਵਿਚ ਸਕੂਲ ਦਾ ਨਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਬਦਲ ਕੇ ਡਾਕਟਰ ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੋ ਜਾਣਾ ਹੈ। ਮੇਰੇ ਵਾਸਤੇ ਇਹ ਖੁਸ਼ੀ ਦੀ ਗੱਲ ਸੀ। ਮੇਰਾ ਮੰਨਣਾ ਹੈ ਕਿ ਵਿਦਿਅਕ ਸੰਸਥਾ ਵਿਚ ਸਭ ਤੋਂ ਅਹਿਮ ਸਥਾਨ ਲਾਇਬਰੇਰੀ ਹੈ। ਇੱਥੇ ਹੀ ਵਿਦਿਆਰਥੀ ਅੱਖਰ ਦੇ ਲੜ ਲੱਗਦੇ ਹਨ। ਜਿਸ ਵਿਦਿਆਰਥੀ ਨੂੰ ਸਕੂਲ ਵਿਚ ਲਾਇਬਰੇਰੀ ਵਿਚ ਜਾਣ ਦਾ ਭੁਸ ਪੈ ਜਾਵੇ, ਭਵਿੱਖ ਵਿਚ ਉਹ ਅੱਖਰਾਂ ਦਾ ਗਿਆਤਾ ਬਣ ਜਾਂਦਾ ਹੈ।
ਉਂਝ, ਮੇਰਾ ਤਜਰਬਾ ਦੱਸਦਾ ਸੀ ਕਿ ਸਕੂਲਾਂ ਵਿਚ ਲਾਇਬਰੇਰੀ ਦੇ ਨਾਮ ’ਤੇ ਸਕੂਲ ਦੇ ਕਿਸੇ ਅਣਵਰਤੇ ਕਮਰੇ ਵਿਚ ਪਈਆਂ ਇਕ ਜਾਂ ਦੋ ਅਲਮਾਰੀਆਂ ਹੁੰਦੀਆਂ ਅਤੇ ਇਨ੍ਹਾਂ ਨੂੰ ਲੱਗੇ ਜੰਦਰੇ ਸਕੂਲ ਮੁਖੀ ਅਤੇ ਅਧਿਆਪਕਾਂ ਦਾ ਮੂੰਹ ਚਿੜਾ ਰਹੇ ਹੁੰਦੇ ਹਨ। ਹੁਣ ਜਦੋਂ ਸਕੂਲ ਵਿਚ ਲਾਇਬਰੇਰੀ ਬਣਨੀ ਹੈ ਜਿੱਥੇ ਮੈਂ ਆਪ ਕੁਝ ਕਰਨ ਦੇ ਸਮਰੱਥ ਵੀ ਸਾਂ ਤਾਂ ਮਨ ਵਿਚ ਪੈਦਾ ਹੁੰਦੇ ਵਲਵਲਿਆਂ ਦੀ ਪੂਰਤੀ ਹੋਣ ਦੀ ਉਮੀਦ ਸੀ। ਖੈਰ! ਕਲਰਕ, ਕੰਪਿਊਟਰ ਵਰਤਣ ਵਾਲੇ ਜਾਂ ਫਿਰ ਟਾਈਪਿਸਟ ਦੀ ਸਹਾਇਤਾ ਦੀ ਥਾਂ ਮੈਂ ਰਾਤ ਨੂੰ ਆਪਣੇ ਕੰਪਿਊਟਰ ਅੱਗੇ ਬੈਠਦਾ, ਲੋੜੀਂਦੀ ਚਿੱਠੀ ਟਾਈਪ ਕਰਕੇ ਉਸ ਦੀ ਹਾਰਡ ਕਾਪੀ ਕੱਢਦਾ ਤੇ ਮੰਗੀ ਸੂਚਨਾ ਅਗਲੇ ਹੀ ਦਿਨ ਸਬੰਧਿਤ ਦਫ਼ਤਰ ਭੇਜ ਦਿੰਦਾ। ਸਿੱਟੇ ਵਜੋਂ ਜੂੰ ਦੀ ਤੋਰ ਤੁਰਨ ਵਾਲੀ ਫ਼ਾਈਲ ਘੋੜੇ ਵਾਂਗ ਦੌੜਦੀ ਇਕ ਦਿਨ ਅੰਤਾਂ ਦੀ ਖੁਸ਼ੀ ਲੈ ਕੇ ਆ ਗਈ। ਸਕੂਲ ਦਾ ਨਾਮ ਬਦਲ ਕੇ ਡਾਕਟਰ ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਹੋ ਗਿਆ ਅਤੇ ਦਾਨੀ ਸੱਜਣਾਂ ਨੇ ਲਾਇਬਰੇਰੀ ਬਣਾ ਕੇ ਦੇਣ ਦੀ ਜਿ਼ੰਮੇਵਾਰੀ ਲੈ ਲਈ।
ਲਾਇਬਰੇਰੀ ਵਾਸਤੇ ਪੈਸੇ ਭਾਵੇਂ ਅਮਰੀਕਾ ਵਾਸੀ ਡਾਕਟਰ ਮਹਿੰਦਰ ਪ੍ਰਤਾਪ ਸਾਂਭੀ ਨੇ ਦੇਣੇ ਸਨ ਪਰ ਹਕੀਕਤ ਵਿਚ ਇਹ ਪੈਸੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਐੱਮਐੱਲ ਸਰੀਨ ਦੁਆਰਾ ਖ਼ਰਚੇ ਜਾਣੇ ਸਨ। ਆਪਣੇ ਸਹਿਕਰਮੀ, ਪੀਟੀਏ ਪ੍ਰਧਾਨ ਅਤੇ ਇਮਾਰਤ ਬਣਾਉਣ ਵਾਲੇ ਠੇਕੇਦਾਰ ਨੂੰ ਲੈ ਕੇ ਮੈਂ ਚੰਡੀਗੜ੍ਹ ਵਕੀਲ ਦੀ ਕੋਠੀ ਪਹੁੰਚ ਗਿਆ। ਉਨ੍ਹਾਂ ਸਾਡਾ ਭਰਵਾਂ ਸਵਾਗਤ ਕੀਤਾ ਅਤੇ 21 ਜਨਵਰੀ (2012) ਨੂੰ ਇਮਾਰਤ ਦਾ ਨੀਂਹ ਪੱਥਰ ਰੱਖਣ ਦਾ ਦਿਨ ਤੈਅ ਹੋ ਗਿਆ।
ਮੈਂ ਆਪਣੇ ਵੱਲੋਂ ਬੇਨਤੀ ਕੀਤੀ: “ਸਰ, ਜੇ ਛੋਟਾ ਜਿਹਾ ਪ੍ਰੋਗਰਾਮ ਉਸ ਦਿਨ ਕਰ ਲਈਏ?”
“ਕੀ?”
“ਮੈਂ ਚਾਹੁੰਨਾ, ਉਸੇ ਦਿਨ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰ ਲਈਏ ਅਤੇ ਤੁਹਾਡੇ ਹੱਥੋਂ ਬੱਚੀਆਂ ਨੂੰ ਇਨਾਮ ਵੀ ਦੁਆ ਦੇਈਏ।” ਵਕੀਲ ਨੇ ਬੇਨਤੀ ਮੰਨ ਲਈ। ਸਕੂਲ ਬਹੁਤ ਪੁਰਾਣਾ ਸੀ; ਹੈਰਾਨੀ ਦੀ ਗੱਲ, ਇੰਨੇ ਵੱਡੇ ਸਕੂਲ ਵਿਚ ਅੱਜ ਤੱਕ ਇਕ ਵੀ ਸਾਲਾਨਾ ਇਨਾਮ ਵੰਡ ਸਮਾਗਮ ਨਹੀਂ ਹੋਇਆ ਸੀ। ਸਕੂਲ ਵਿਚ ਵਾਪਸ ਆ ਕੇ ਮੈਂ ਆਪਣੇ ਸਾਥੀ ਅਧਿਆਪਕਾਂ ਨਾਲ ਮੀਟਿੰਗ ਕੀਤੀ ਅਤੇ 21 ਜਨਵਰੀ ਦੇ ਪ੍ਰੋਗਰਾਮ ਬਾਰੇ ਪੂਰੇ ਵਿਸਥਾਰ ਵਿਚ ਦੱਸ ਦਿੱਤਾ। ਸਾਰੇ ਅਧਿਆਪਕਾਂ ਵਾਸਤੇ ਇਹ ਨਿਵੇਕਲਾ ਪ੍ਰੋਗਰਾਮ ਸੀ। ਸਾਰੇ ਅਧਿਆਪਕ ਆਪੋ-ਆਪਣੇ ਵਿੱਤ ਨਾਲੋਂ ਵਧ ਕੇ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਜੁੱਟ ਗਏ। ਵਿਦਿਆਰਥੀਆਂ ਦਾ ਉਤਸ਼ਾਹ ਤਾਂ ਦੇਖਣ ਵਾਲਾ ਸੀ। ਹੋ ਸਕਦਾ, ਕਿਸੇ ਵਿਆਹ ਵਾਲੇ ਘਰ ਵਿਚ ਵੀ ਇੰਨਾ ਉਤਸ਼ਾਹ ਅਤੇ ਭੱਜ-ਨੱਸ ਨਾ ਹੋਈ ਹੋਵੇ!
21 ਜਨਵਰੀ ਨੂੰ ਲਾਇਬਰੇਰੀ ਦਾ ਨੀਂਹ ਪੱਥਰ ਰੱਖ ਕੇ ਸਾਲਾਨਾ ਇਨਾਮ ਵੰਡ ਸਮਾਗਮ ਕੀਤਾ ਗਿਆ। ਜਿਹੜੇ ਪ੍ਰਾਹੁਣੇ ਇਸ ਸਾਲ ਇਕੱਲਿਆਂ ਵਾਂਗ ਆਏ ਸਨ, ਉਨ੍ਹਾਂ ਅਗਲੇ ਸਾਲ ਲਾਇਬਰੇਰੀ ਦੇ ਉਦਘਾਟਨ ਸਮੇਂ ਕੈਨੇਡੀਅਨ ਐੱਮਪੀ ਸਕੌਟ ਸਲੈਸਰ, ‘ਇੰਡੀਅਨ ਐਕਸਪ੍ਰੈੱਸ’ ਅਖ਼ਬਾਰ ਦੇ ਚੰਡੀਗੜ੍ਹ ਖੇਤਰ ਦੇ ਐਡੀਟਰ ਸਮੇਤ ਹੋਰ ਪ੍ਰਾਹੁਣਿਆਂ ਨੂੰ ਨਾਲ ਲਿਆਂਦਾ ਅਤੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰੀ ਸਕੂਲਾਂ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਹੁੰਦੇ ਹਨ।
ਲਾਇਬਰੇਰੀ ਦੀ ਇਮਾਰਤ ਤਿਆਰ ਹੋਈ। ਲਾਇਬਰੇਰੀ ਵਿਚਲੀਆਂ ਕਿਤਾਬਾਂ ’ਚ ਖੂਬ ਵਾਧਾ ਕੀਤਾ ਗਿਆ। ਨੌਂ ਅਖ਼ਬਾਰਾਂ ਸਮੇਤ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਦੇ ਕੁਝ ਰਸਾਲੇ ਵੀ ਆਉਣ ਲੱਗੇ। ਨਤੀਜਾ ਇਹ ਹੋਇਆ ਕਿ ਅਗਲੇ ਇਨਾਮ ਵੰਡ ਸਮਾਗਮ ਵਿਚ ਸਕੂਲ ਦੇ ਲਾਇਬਰੇਰੀਅਨ ਦੀ ਮੰਗ ’ਤੇ ਸਾਲ ਵਿਚ ਸਭ ਤੋਂ ਵੱਧ (ਕੁੱਲ 125) ਪੁਸਤਕਾਂ ਪੜ੍ਹਨ ਵਾਲੀ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਗਿਆ।
ਜਿਹੜੇ ਲੋਕ ਇਹ ਕਹਿੰਦੇ ਹਨ ਕਿ ਸਰਕਾਰੀ ਸਕੂਲਾਂ ਵਿਚ ਇਹ ਹੋ ਨਹੀਂ ਸਕਦਾ; ਉਨ੍ਹਾਂ ਵਾਸਤੇ ਇਹ ਆਪਣੀ ਕਿਸਮ ਦਾ ਪਾਠ ਸੀ। ਮੈਂ ਲਾਇਬਰੇਰੀ ਵਿਚ ਬੈਠ ਕੇ ਵਿਦਿਆਰਥੀਆਂ ਨੂੰ ਪੜ੍ਹਦਿਆਂ ਤੱਕਦਾ ਰਿਹਾ ਸਾਂ। ਮੇਰੇ ਮਗਰੋਂ ਪਤਾ ਲੱਗਿਆ ਕਿ ਉਦੋਂ ਆਉਂਦੇ ਅਖ਼ਬਾਰਾਂ ਵਿਚੋਂ ਕੁਝ ਅਖ਼ਬਾਰ ਹੀ ਆਉਂਦੇ ਸਨ, ਰਸਾਲੇ ਸਾਰੇ ਬੰਦ ਹੋ ਗਏ ਸਨ ਅਤੇ ਲਾਇਬਰੇਰੀ ਨੂੰ ਬਹੁਤਾ ਸਮਾਂ ਜੰਦਰਾ ਲੱਗਿਆ ਰਹਿੰਦਾ ਸੀ।
ਇਨ੍ਹਾਂ ਜੰਦਰਿਆਂ ਨੂੰ ਪੱਕੇ ਤੌਰ ’ਤੇ ਖੋਲ੍ਹਣ ਵਾਲੀ ਚਾਬੀ ਕੀਹਦੇ ਕੋਲ ਹੈ ਭਲਾ?
ਸੰਪਰਕ: 95010-20731