ਸਤਵਿੰਦਰ ਬਸਰਾ
ਲੁਧਿਆਣਾ, 25 ਮਈ
ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਲ ਲਈ ਵਾਰ ਵਾਰ ਮੀਟਿੰਗਾਂ ਤੋਂ ਟਾਲਾ ਵੱਟਣ ਦੇ ਵਿਰੋਧ ਵਜੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਲੁਧਿਆਣਾ ਨੇ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਮਿਨੀ ਸਕੱਤਰੇਤ ਅੱਗੇ ਰੋਸ ਰੈਲੀ ਕਰਨ ਉਪਰੰਤ ਸਿੱਖਿਆ ਮੰਤਰੀ ਦੀ ਅਰਥੀ ਫੂਕੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਮੁੱਲਾਂਪੁਰ ਅਤੇ ਜ਼ਿਲ੍ਹਾ ਵਿੱਤ ਸਕੱਤਰ ਮਨਜਿੰਦਰ ਸਿੰਘ ਚੀਮਾ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਜਥੇਬੰਦੀ ਨੂੰ ਮੀਟਿੰਗਾਂ ਦੇਣ ਤੋਂ ਬਾਅਦ ਜਾਣਬੁੱਝ ਕੇ ਮੀਟਿੰਗਾਂ ਰੱਦ ਕਰ ਦਿੱਤੀਆਂ ਹਨ। ਅਧਿਆਪਕਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਅੱਖੋਂ-ਪਰੋਖੇ ਕਰਕੇ ਅਧਿਆਪਕਾਂ ਤੇ ਸਿੱਖਿਆ ਵਿਰੋਧੀ ਫ਼ੈਸਲੇ ਲਾਗੂ ਕੀਤੇ। ਇਸ ਕਰਕੇ ਪੰਜਾਬ ਦੇ ਅਧਿਆਪਕਾਂ ਵਿਚ ਸਿੱਖਿਆ ਮੰਤਰੀ ਪ੍ਰਤੀ ਗੁੱਸਾ ਭਰਿਆ ਹੋਇਆ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ 2022 ਦੇ ਚੋਣ ਏਜੰਡੇ ਦੇ ਚਲਦਿਆਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਕਰੋਨਾ ਬਿਮਾਰੀ ਦੇ ਸਿਖਰ ਨੂੰ ਅਣਗੋਲਿਆਂ ਕਰਦਿਆਂ ਅਧਿਆਪਕਾਂ ਨੂੰ ਘਰ-ਘਰ ਜਾ ਕੇ ਵਿਦਿਆਰਥੀਆਂ ਦੇ ਦਾਖਲਾ ਕਰਨ ਦੇ ਤੁਗਲਕੀ ਹੁਕਮਾਂ ਕਾਰਨ 37 ਅਧਿਆਪਕ ਕਰੋਨਾ ਬਿਮਾਰੀ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਮੌਤਾਂ ਲਈ ਕਥਿਤ ਤੌਰ ’ਤੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਜ਼ਿੰਮੇਵਾਰ ਹਨ। ਅਧਿਆਪਕ ਆਗੂਆਂ ਰਾਜੇਸ਼ ਕੁਮਾਰ ਸਮਰਾਲਾ, ਲਾਲ ਸਿੰਘ ਕੁਤਬੇਵਾਲ, ਪ੍ਰਦੀਪ ਸਿੰਘ ਮਾਂਗਟ, ਰਵੇਲ ਸਿੰਘ ਥਰੀਕੇ, ਰਾਜਵੀਰ ਸਿੰਘ ਸਮਰਾਲਾ, ਅੰਕੁਸ਼ ਸ਼ਰਮਾ ਆਦਿ ਨੇ ਕਿਹਾ ਕਿ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਦੇ ਲਾਗੂ ਕਰਨ ਨੂੰ ਅੱਠਵੀਂ ਵਾਰ ਅੱਗੇ ਪਾਉਣਾ ਸਿੱਖਿਆ ਵਿਭਾਗ ਦੀ ਆਨਲਾਈਨ ਬਦਲੀ ਨੀਤੀ ਦੇ ਫਲਾਪ ਹੋਣ ਦੀ ਨਿਸ਼ਾਨੀ ਹੈ। ਸਰਕਾਰ ਵੱਲੋ ਈ.ਟੀ.ਟੀ. ਅਧਿਆਪਕਾਂ ਦੀ ਨਵੀਂ ਭਰਤੀ ਦੀ ਸਾਰੀ ਭਰਤੀ ਪ੍ਰਕਿਰਿਆ ਪੂਰੀ ਹੋ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਸਕੂਲਾਂ ਵਿੱਚ ਹਾਜ਼ਰ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਨੇ ਸਾਰੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਪੂਰੀਆਂ ਤਨਖਾਹਾਂ ਅਤੇ ਸਾਰੇ ਭੱਤਿਆਂ ਸਮੇਤ ਸਿੱਖਿਆ ਵਿਭਾਗ ’ਚ ਸ਼ਾਮਲ ਕਰਨ, ਕਰੋਨਾ ਦੌਰਾਨ ਅਧਿਆਪਕਾਂ ਨੂੰ ਵਾਧੂ ਡਿਊਟੀਆਂ ਤੋਂ ਫਾਰਗ ਕਰਕੇ ਸਿਹਤ, ਮੁਲਾਜ਼ਮਾਂ ਦੀਆਂ ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਜਾਰੀ ਕਰਕੇ ਬਕਾਏ ਕਰਮਚਾਰੀਆਂ ਦੇ ਬੈੱਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ, ਕਰੋਨਾ ਤੋਂ ਪੀੜਤ ਅਧਿਆਪਕਾਂ ਨੂੰ ਬਾਕੀ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵਾਂਗ 17 ਦਿਨਾਂ ਦੀ ਬਣਦੀ ਵਿਸ਼ੇਸ਼ ਇਕਾਂਤਵਾਸ ਛੁੱਟੀ ਅਤੇ ਹੋਰ ਲੋੜ ਪੈਣ ’ਤੇ ਵਿਸ਼ੇਸ਼ ਛੁੱਟੀ ਦੇਣ, ਜ਼ੂਮ ਮੀਟਿੰਗਾਂ ਦੌਰਾਨ ਮਾੜੇ ਵਤੀਰੇ ਵਾਲੇ ਅਧਿਕਾਰੀਆਂ ਨੂੰ ਵਾਪਸ ਉਨ੍ਹਾਂ ਦੇ ਸਕੂਲਾਂ ਵਿੱਚ ਭੇਜਣ, ਕਰੋਨਾ ਕਾਰਨ ਮਰੇ ਅਧਿਆਪਕਾਂ ਦੇ ਪਰਿਵਾਰਾਂ ਲਈ 50 ਲੱਖ ਦੀ ਰਾਸ਼ੀ ਵਧਾ ਕੇ ਦਿੱਲੀ ਸਰਕਾਰ ਦੀ ਤਰਜ਼ ’ਤੇ ਇੱਕ ਕਰੋੜ ਰੁਪਏ ਕਰਨ, ਸਿੱਖਿਆ ਵਿਭਾਗ ਲਈ ਵਿਸ਼ੇਸ਼ ਬਜਟ ਜਾਰੀ ਕਰਨ ਆਦਿ ਦੀ ਮੰਗ ਕੀਤੀ ਗਈ। ਇਸ ਮੌਕੇ ਹੋਰਾਂ ਤੋਂ ਇਲਾਵਾ ਗੁਰਜੀਤ ਸਿੰਘ ਲਲਤੋਂ, ਵਿਕਰਮ ਝਾਂਡੇ, ਰਵਿੰਦਰ ਜਾਂਗਪੁਰ, ਪਰਮਿੰਦਰਪਾਲ ਸਿੰਘ ਮੁੱਲਾਂਪੁਰ, ਗੁਰਪ੍ਰੀਤ ਸਿੰਘ ਮੁੱਲਾਂਪੁਰ, ਬਲੌਰ ਸਿੰਘ, ਰਮਨਦੀਪ ਸਿੰਘ ਸਵੱਦੀ, ਸੁਖਵਿੰਦਰ ਸਿੰਘ ਮਾਂਗਟ, ਅਮਨਦੀਪ ਸਿੰਘ ਢੈਪਈ, ਜਗਮੋਹਨ ਸਿੰਘ ਭੱਠਲ, ਅਜਮੇਰ ਸਿੰਘ ਬੱਸੀਆਂ, ਹਰਜੀਤ ਸਿੰਘ ਸੁਧਾਰ ਆਦਿ ਮੌਜੂਦ ਸਨ।