ਨਵੀਂ ਦਿੱਲੀ, 8 ਫਰਵਰੀ
ਅਦਾਕਾਰ ਅਤੇ ਅਥਲੀਟ ਪ੍ਰਵੀਨ ਕੁਮਾਰ ਸੋਬਤੀ ਦਾ ਸੋਮਵਾਰ ਰਾਤ ਨੂੰ ਦੇਹਾਂਤ ਹੋ ਗਿਆ। ਇੱਥੇ ਅਸ਼ੋਕ ਵਿਹਾਰ ਸਥਿਤ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਿਆ। ਉਹ 74 ਵਰ੍ਹਿਆਂ ਦੇ ਸਨ।
ਪ੍ਰਵੀਨ ਕੁਮਾਰ ਟੀਵੀ ਸੀਰੀਅਲ ‘ਮਹਾਭਾਰਤ’ ਵਿੱਚ ਨਿਭਾਏ ‘ਭੀਮ’ ਦੇ ਕਿਰਦਾਰ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮੇ ਜੇਤੂ ਵਜੋਂ ਜਾਣੇ ਜਾਂਦੇ ਸਨ। ਪ੍ਰਵੀਨ ਕੁਮਾਰ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ, ‘‘ਉਨ੍ਹਾਂ ਨੂੰ ਲੰਮੇ ਸਮੇਂ ਤੋਂ ਛਾਤੀ ਦੀ ਇਨਫੈਕਸ਼ਨ ਦੀ ਸੀ। ਰਾਤ ਨੂੰ ਜਦੋਂ ਉਨ੍ਹਾਂ ਨੂੰ ਸਾਹ ਲੈਣ ’ਚ ਮੁਸ਼ਕਲ ਹੋਈ, ਅਸੀਂ ਡਾਕਟਰ ਨੂੰ ਘਰ ਬੁਲਾਇਆ। ਦਿਲ ਦਾ ਦੌਰਾ ਪੈਣ ਕਾਰਨ ਉਹ ਰਾਤ 10 ਤੋਂ 10.30 ਦੌਰਾਨ ਚਲਾਣਾ ਕਰ ਗਏ।’’ ਜ਼ਿਕਰਯੋਗ ਹੈ ਕਿ ਪ੍ਰਵੀਨ ਕੁਮਾਰ ਸੋਬਤੀ 20 ਸਾਲਾਂ ਦੀ ਉਮਰ ’ਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵਿੱਚ ਭਰਤੀ ਹੋਏ ਸਨ, ਜਿੱਥੇ ਪਹਿਲੀ ਵਾਰ ਉਨ੍ਹਾਂ ਦੇ ਅਥਲੈਟਿਕ ਹੁਨਰ ਦਾ ਪਤਾ ਲੱਗਿਆ। ਉਨ੍ਹਾਂ ਨੇ ਹੈਮਰ ਅਤੇ ਡਿਸਕਸ ਥਰੋਅ ਦੇ ਵੱਖ-ਵੱਖ ਮੁਕਾਬਲਿਆਂ ’ਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਅਤੇ ਏਸ਼ਿਆਈ ਖੇਡਾਂ ਵਿੱਚ ਚਾਰ ਤਗ਼ਮੇ ਜਿੱਤੇ, ਜਿਨ੍ਹਾਂ ਵਿੱਚ 1966 ਅਤੇ 1970 ਵਿੱਚ ਜਿੱਤੇ ਦੋ ਸੋਨ ਤਗ਼ਮੇ ਵੀ ਸ਼ਾਮਲ ਹਨ। ਉਨ੍ਹਾਂ ਨੇ 1966 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਵੀ ਜਿੱਤਿਆ ਸੀ। ਇਸ ਤੋਂ ਬਾਅਦ ਪ੍ਰਵੀਨ ਕੁਮਾਰ ਨੇ ਅਦਾਕਾਰੀ ਦੇ ਖੇਤਰ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ 1988 ’ਚ ਬੀ.ਆਰ. ਚੋਪੜਾ ਦੇ ਟੀਵੀ ਸੀਰੀਅਲ ’ਚ ‘ਮਹਾਭਾਰਤ’ ਭੀਮ ਦੀ ਭੂਮਿਕਾ ਨਿਭਾਅ ਕੇ ਪ੍ਰਸਿੱਧੀ ਹਾਸਲ ਕੀਤੀ। ਅਦਾਕਾਰ ਵਜੋਂ ਸੋਬਤੀ ਨੇ ਲਗਪਗ 50 ਫ਼ਿਲਮਾਂ ਵਿੱਚ ਸਹਾਇਕ ਭੂਮਿਕਾ ਨਿਭਾਈ, ਜਿਨ੍ਹਾਂ ਵਿੱਚ ‘ਅਧਿਕਾਰ’, ‘ਯੁੱਧ’, ‘ਘਾਇਲ’, ‘ਸ਼ਹਿਨਸ਼ਾਹ’ ਅਤੇ ‘ਆਜ ਕਾ ਅਰਜੁਨ’ ਆਦਿ ਸ਼ਾਮਲ ਹਨ।
ਸੋਬਤੀ ਨੇ 2013 ਵਿੱਚ ਸਿਆਸਤ ’ਚ ਪੈਰ ਰੱਖਿਆ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। ਹਾਲਾਂਕਿ ਉਹ ਭਾਜਪਾ ਦੇ ਮਹੇਂਦਰ ਨਾਗਪਾਲ ਤੋਂ ਚੋਣ ਹਾਰ ਗਏ ਸਨ। ਬਾਅਦ ’ਚ 2014 ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ। ਪਰਵੀਨ ਕੁਮਾਰ ਦੇ ਪਰਿਵਾਰ ਵਿੱਚ ਪਿੱਛੇ ਪਤਨੀ, ਬੇਟੀ, ਦੋ ਛੋਟੇ ਭਰਾ ਅਤੇ ਇੱਕ ਭੈਣ ਹੈ। ਇਸ ਦੌਰਾਨ ਟੀਵੀ ਤੇ ਫਿ਼ਲਮ ਜਗਤ ਨਾਲ ਜੁੜੀਆਂ ਹਸਤੀਆਂ ਨੇ ਪ੍ਰਵੀਨ ਕੁਮਾਰ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। -ਪੀਟੀਆਈ
ਬੀਐੱਸਐੱਫ ਵੱਲੋਂ ਸ਼ਰਧਾਂਜਲੀ ਭੇਟ
ਬੀਐੱਸਐੱਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਪ੍ਰਵੀਨ ਕੁਮਾਰ ਸੋਬਤੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਟਵੀਟ ਕੀਤਾ ਗਿਆ, ‘‘ਡਾਇਰੈਕਟਰ ਜਨਰਲ ਅਤੇ ਬੀਐੱਸਐੱਸ ਦੇ ਸਾਰੇ ਰੈਂਕਾਂ ਦੇ ਅਧਿਕਾਰੀ ਪ੍ਰਵੀਨ ਕੁਮਾਰ ਸੋਬਤੀ, ਸਾਬਕਾ ਡਿਪਟੀ ਕਮਾਂਡੈਂਟ, ਅਰਜੁਨ ਐਵਾਰਡੀ, ਦੋ ਵਾਰ ਓਲੰਪੀਅਨ (ਮੈਕਸਿਕੋ 1968 ਅਤੇ ਮਿਊਨਿਖ 1972) ਅਤੇ ਚਾਰ ਵਾਰ ਏਸ਼ਿਆਈ ਤਗ਼ਮਾ (ਦੋ ਸੋਨ, ਇੱਕ ਚਾਂਦੀ ਤੇ ਇੱਕ ਕਾਂਸੀ) ਜੇਤੂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ।’’
ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਸਨ ਜੰਮਪਲ
ਪ੍ਰਵੀਨ ਕੁਮਾਰ ਸੋਬਤੀ ਦਾ ਸਬੰਧ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਨਾਲ ਸੀ। ਉਨ੍ਹਾਂ ਦਾ ਜਨਮ 6 ਸਤੰਬਰ 1947 ਨੂੰ ਪਿੰਡ ਸਰਹਾਲੀ (ਉਦੋਂ ਜ਼ਿਲ੍ਹਾ ਅੰਮ੍ਰਿਤਸਰ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਕੁਲਵੰਤ ਸਿੰਘ ਪੰਜਾਬ ਪੁਲੀਸ ਵਿੱਚੋਂ ਥਾਣੇਦਾਰ ਸੇਵਾਮੁਕਤ ਹੋਏ। ਪਰਵੀਨ ਕੁਮਾਰ ਨੇ ਉੱਚ ਸਿੱਖਿਆ ਖਾਲਸਾ ਕਾਲਜ ਤੋਂ ਅੰਮ੍ਰਿਤਸਰ ਹਾਸਲ ਕੀਤੀ।