ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਮਈ
ਕਾਰੋਨਾ ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਲਾਈਆਂ ਪਾਬੰਦੀਆਂ ਕਾਰਨ ਨਿੱਤ ਦਾ ਕਮਾ ਕੇ ਖਾਣ ਵਾਲੇ ਰਿਕਸ਼ਾ-ਰੇਹੜੀ ਚਾਲਕਾਂ ਦੇ ਘਰ ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਰੋਜ਼ ਸਿਰਫ਼ ਕੁਝ ਘੰਟੇ ਦੁਕਾਨਾਂ ਖੁੱਲ੍ਹਣ ਅਤੇ ਸ਼ਨਿਚਰਵਾਰ-ਐਤਵਾਰ ਹਫ਼ਤਾਵਾਰੀ ਲੌਕਡਾਊਨ ’ਚ ਕੰਮ ਦੀ ਘਾਟ ਕਰ ਕੇ ਉਨ੍ਹਾਂ ਦੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ। ਇਸ ਸਬੰਧੀ ਰਿਕਸ਼ਾ ਰੇਹੜੀ ਚਾਲਕਾਂ ਨੇ ਦੱਸਿਆ ਕਿ ਉਹ ਸਵੇਰੇ ਸੱਤ ਵਜੇ ਹੀ ਕੰਮ ਦੀ ਭਾਲ ’ਚ ਮੰਦਰ ਚੌਕ ਦੀ ਨੁਕਰੇ ਖੜ੍ਹ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਇੱਥੇ ਗੇੜੇ ਦੀ ਆਸ ’ਚ ਬੈਠੇ ਰਹਿੰਦੇ ਹਨ। ਇੱਥੇ 100 ਦੇ ਕਰੀਬ ਰਿਕਸਾ-ਰੇਹੜੀ ਚਾਲਕ ਹਨ ਪਰ ਇਸ ਵਾਰ ਉਨ੍ਹਾਂ ਨੂੰ ਕੋਈ ਰਾਹਤ ਜਿਵੇਂ ਲੰਗਰ/ ਆਟਾ/ਦਾਲ ਅਜੇ ਤੱਕ ਨਹੀਂ ਮਿਲਿਆ।
ਲਹਿਰਾਗਾਗਾ ਪੁਲੀਸ ਦੋ ਵਜੇ ਮਗਰੋਂ ਲੌਕਡਾਊਨ ਦੀ ਪਾਲਣਾ ਕਰਵਾਉਣ ਲਈ ਪੂਰੀ ਤਰ੍ਹਾਂ ਚੌਕਸ ਹੈ। ਸ਼ਹਿਰ ਵਿੱਚ ਟ੍ਰੈਫਿਕ ਪੁਲੀਸ ਵੱਲੋਂ ਲਗਾਤਾਰ ਗਸ਼ਤ ਜਾਰੀ ਹੈ ਪਰ ਸ਼ਹਿਰ ਵਿੱਚ ਪੈਦਲ ਅਤੇ ਮੋਟਰਸਾਈਕਲਾਂ/ ਕਾਰਾਂ ਆਦਿ ਵਾਹਨਾਂ ਰਾਹੀਂ ਆਵਾਜਾਈ ਆਮ ਤੌਰ ’ਤੇ ਜਾਰੀ ਦੇਖੀ ਗਈ। ਸ਼ਹਿਰ ਵਿਚ ਕਿਧਰੇ ਕਿਧਰੇ ਬੇਖੌਫ਼ ਘੁੰਮਣ ਤੇ ਤਾਸ਼ ਖੇਡਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕਸਣ ਦੀ ਲੋੜ ਹੈ।
ਇਸ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਇਹ ਬਿਮਾਰੀ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਹੈ ਅਤੇ ਪੁਲੀਸ ਵੱਲੋਂ ਪੁੱਛਗਿੱਛ ਨਾ ਦੇ ਬਰਾਬਰ ਹੈ ਜਿਸ ਕਰ ਕੇ ਲੋਕ ਬੇਖ਼ੌਫ਼ ਕੇ ਘੁੰਮ ਰਹੇ ਹਨ ਪਰ ਕੰਮ ਕਰਨ ਵਾਲੇ ਭੁੱਖੇ ਮਰ ਰਹੇ ਹਨ।