ਢਹਿੰਦੀਆਂ ਸੰਸਥਾਵਾਂ, ਢਹਿੰਦੇ ਘਰ
23 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਜਸਟਿਸ ਰੇਖਾ ਸ਼ਰਮਾ ਦਾ ਲੇਖ ‘ਬੁਲਡੋਜ਼ਰ ਰਾਜ: ਸੰਵਿਧਾਨ ਤੇ ਕਾਨੂੰਨ ਦੇ ਰਾਜ ਲਈ ਵੰਗਾਰ’ ਪੜ੍ਹਿਆ। ਅਸਲ ਵਿਚ ਭਾਰਤੀ ਜਨਤਾ ਪਾਰਟੀ ਦੇ ਰਾਜ ਅੰਦਰ ਪਹਿਲਾਂ ਇਕ ਇਕ ਕਰਕੇ ਵੱਖ ਵੱਖ ਸੰਸਥਾਵਾਂ ਢਹਿੰਦੀਆਂ ਗਈਆਂ ਅਤੇ ਹੁਣ ਗੱਲ ਲੋਕਾਂ ਦੇ ਘਰ ਢਾਹੁਣ ਤਕ ਪਹੁੰਚ ਗਈ ਹੈ। ਹਜੂਮੀ ਹੱਤਿਆਵਾਂ ਕਿਸ ਨੂੰ ਭੁੱਲੀਆਂ ਹਨ? ਅਜਿਹੇ ਹਾਲਾਤ ਵਿਚ ਕੀ ਸੁਪਰੀਮ ਕੋਰਟ ਨੂੰ ਆਪੇ ਹੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ? ਅਜਿਹੀ ਬੇਵਸੀ ਪਹਿਲਾਂ ਕਦੀ ਦੇਖਣ ਵਿਚ ਨਹੀਂ ਆਈ!
ਜਸਵੰਤ ਸਿੰਘ, ਲੁਧਿਆਣਾ
ਸਿਆਸੀ ਨਿਘਾਰ
21 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਪ੍ਰੋ. ਕਮਲੇਸ਼ ਉੱਪਲ ਦਾ ਲੇਖ ‘ਸਿਆਸੀ ਮੁਨਾਫ਼ਾਖੋਰੀ ਤੇ ਪੰਜਾਬ ਦੀ ਜਵਾਨੀ’ ਪੜ੍ਹਿਆ। ਲੇਖ ਸਿਆਸੀ ਨਿਘਾਰ ਦੀ ਹਕੀਕਤ ਪੇਸ਼ ਕਰਦਾ ਹੈ ਅਤੇ ਇਹ ਨੌਜਵਾਨ ਪੀੜ੍ਹੀ ਲਈ ਰਾਹ-ਦਸੇਰਾ ਵੀ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਸੱਤਾ, ਸ਼ਕਤੀ ਅਤੇ ਸਿਆਸਤ ਮੁਨਾਫ਼ਾਖੋਰੀ ਦੇ ਸਾਧਨ ਬਣ ਚੁੱਕੇ ਹਨ। ਇਹ ਸਮਾਜ ਦੇ ਪੱਲੇ ਹਥਿਆਰ ਅਤੇ ਬੁਰਛਾਗਰਦੀ ਪਾ ਰਹੇ ਹਨ।
ਵਰਗਿਸ ਸਲਾਮਤ, ਈਮੇਲ
ਇਸਲਾਮ ਤੇ ਭਾਰਤ
21 ਜੂਨ ਦੇ ਲੋਕ ਸੰਵਾਦ ਪੰਨੇ ਉੱਤੇ ਵਾਪੱਲਾ ਬਾਲਾਚੰਦਰਨ ਦੇ ਲੇਖ ‘ਇਸਲਾਮ: ਭਾਗਵਤ ਦਾ ਸਿਧਾਂਤ ਸਹੀ ਨਹੀਂ’ ਵਿਚ ਉਦਾਹਰਨਾਂ ਦੇ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਦੱਖਣੀ ਭਾਰਤ ਦੇ ਕੇਰਲ ਜਿਹੇ ਹਿੱਸਿਆਂ ਵਿਚ ਇਸਲਾਮ ਹਮਲਾਵਰਾਂ ਜ਼ਰੀਏ ਨਹੀਂ ਆਇਆ। ਇਹ ਟਿੱਪਣੀ ਮੋਹਨ ਭਾਗਵਤ ਦੇ ਉਸ ਹਵਾਲੇ ਦੇ ਬਿਲਕੁਲ ਉਲਟ ਬੈਠਦੀ ਹੈ ਜਿੱਥੇ ਆਰਐੱਸਐੱਸ ਇਹ ਕਹਿੰਦਿਆਂ ਨਹੀਂ ਥੱਕਦੀ ਕਿ ਇਸਲਾਮ ਦਾ ਭਾਰਤ ਵਿਚ ਆਉਣਾ ਜ਼ਬਰਦਸਤੀ ਦਾ ਨਤੀਜਾ ਹੈ। ਉਨ੍ਹਾਂ ਮੁਤਾਬਿਕ ਇੱਥੇ ਹਰ ਧਾਰਮਿਕ ਸਥਾਨ ਸ਼ੱਕੀ ਹੈ ਅਤੇ ਇਸੇ ਆਧਾਰ ਉੱਤੇ ਉਹ ਬਹੁਤ ਸਾਰੀਆਂ ‘ਇਤਿਹਾਸਕ ਗ਼ਲਤੀਆਂ’ ਮਿਟਾਉਣਾ ਚਾਹੁੰਦੇ ਹਨ ਲੇਕਿਨ ਹਰ ਵਾਰ ਅਜਿਹਾ ਨਹੀਂ ਹੁੰਦਾ। ਜਦੋਂ ਦੋ ਸੱਭਿਆਚਾਰ ਆਪਸ ਵਿਚ ਮਿਲਦੇ ਹਨ ਤਾਂ ਉਹ ਇਕ ਦੂਜੇ ਦੀਆਂ ਚੀਜ਼ਾਂ ਲੈਂਦੇ-ਦਿੰਦੇ ਹਨ। ਧਰਮ ਪਰਿਵਰਤਨ ਵੀ ਉਨ੍ਹਾਂ ‘ਲੋੜਾਂ’ ਵਿਚੋਂ ਵਾਪਰਦਾ ਹੈ। ਪੰਜਾਬ ਵਿਚ ਧਰਮ ਪਰਿਵਰਤਨ ਵੀ ਸ਼ਾਇਦ ਓਨਾ ਔਰੰਗਜ਼ੇਬ ਜਿਹੇ ਤਾਨਾਸ਼ਾਹ ਮੁਗਲ ਬਾਦਸ਼ਾਹ ਨਹੀਂ ਕਰਵਾ ਸਕੇ ਜਿੰਨਾ ਬਾਬਾ ਫਰੀਦ ਅਤੇ ਸ਼ਾਹ ਹੁਸੈਨ ਜਿਹੇ ਸੂਫ਼ੀਆਂ ਦੇ ਸਮੇਂ ਹੋਇਆ। 1870-80 ਦੇ ਆਸਪਾਸ ਪੰਜਾਬ ਦੇ ਕਈ ਹਿੱਸਿਆਂ ਵਿਚ ਈਸਾਈ ਮਿਸ਼ਨਰੀਆਂ ਨੇ ਗ਼ਰੀਬ ਅਤੇ ਹਾਸ਼ੀਏ ’ਤੇ ਧੱਕੇ ਦਲਿਤ ਪੰਜਾਬੀਆਂ ਨੂੰ ਈਸਾਈ ਮੱਤ ਧਾਰਨ ਕਰਵਾਇਆ। ਉੱਥੇ ਉਹ ਕੋਈ ਤੋਪਾਂ ਬੀੜੀ ਨਹੀਂ ਖੜ੍ਹੇ ਸਨ। ਸੋ, ਅੱਜ ਇਸ ਤਰ੍ਹਾਂ ਦੇ ਨੇਤਾਵਾਂ ਵੱਲੋਂ ਇਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਅਜਿਹੀਆਂ ‘ਧੱਕੇਸ਼ਾਹੀਆਂ’ ਦਾ ਚੇਤਾ ਕਰਵਾਉਣਾ ਮੁਲਕ ਦੀ ਭਾਈਚਾਰਕ ਇਕਸੁਰਤਾ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਹਨ।
ਜਸਵਿੰਦਰ ਸਿੰਘ ਜਸ, ਪਿੰਡ ਬਾਘੇਵਾਲਾ
ਆਪਸੀ ਸਦਭਾਵਨਾ
14 ਜੂਨ ਦਾ ਸੰਪਾਦਕੀ ‘ਸਦਭਾਵਨਾ ਦੀ ਜ਼ਰੂਰਤ’ ਪੜ੍ਹਿਆ। ਹਿੰਦੂ ਮੁਸਲਮਾਨਾਂ ਬਾਰੇ ਲਗਾਤਾਰ, ਮਿੱਥ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਜਾਪਦਾ ਹੈ, ਜਿਵੇਂ ਅਸੀਂ 16ਵੀਂ ਸਦੀ ਵਿਚ ਜੀਅ ਰਹੇ ਹੋਈਏ। ਭਾਜਪਾ ਨੇ ਜਿਸ ਢੰਗ ਨਾਲ ਬੁਲਡੋਜ਼ਰ ਵਾਲਾ ਹਮਲਾਵਰੀ ਚਿੰਨ੍ਹ ਘੜਿਆ ਹੈ, ਉਹ ਬੜੀ ਖ਼ਤਰਨਾਕ ਗੱਲ ਹੈ। ਅਸਲ ਵਿਚ ਸੱਤਾਧਿਰ ਇਕ ਖ਼ਾਸ ਘੱਟਗਿਣਤੀ ਫ਼ਿਰਕੇ ਨੂੰ ਲਗਾਤਾਰ ਨਿਸ਼ਾਨੇ ਉੱਤੇ ਲਿਆ ਰਹੀ ਹੈ। ਇਹ ਸਰਕਾਰ ਗੱਲਾਂ ਤਾਂ ‘ਸਬਕਾ ਸਾਥ ਸਬਕਾ ਵਿਕਾਸ’ ਦੀਆਂ ਕਰ ਰਹੀ ਹੈ ਪਰ ਮੁਲਕ ਅੰਦਰ ਹੋ ਇਸ ਦੇ ਐਨ ਉਲਟ ਰਿਹਾ ਹੈ। ਆਪਸੀ ਭਾਈਚਾਰਾ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹ ਮੁਲਕ ਲਈ ਸ਼ੁਭ ਸ਼ਗਨ ਨਹੀਂ।
ਕਾਮਰੇਡ ਗੁਰਨਾਮ ਸਿੰਘ, ਰੂਪਨਗਰ
ਨਸ਼ਿਆਂ ਦੀ ਮਾਰ
18 ਜੂਨ ਨੂੰ ਮੋਹਨ ਸ਼ਰਮਾ ਨੇ ਸੰਵੇਦਨਸ਼ੀਲ ਅਤੇ ਦਿਲ ਨੂੰ ਵਲੂੰਧਰਨ ਵਾਲੀ ਘਟਨਾ ਬਿਆਨ ਕੀਤੀ ਹੈ (ਮਾਂ ਦੀਆਂ ਵਾਲੀਆਂ)। ਅਸਲ ਵਿਚ ਨਸ਼ਾ ਤਨ, ਮਨ ਤੇ ਧਨ ਅਤੇ ਸਾਡੇ ਸਮਾਜ ਨੂੰ ਨਿਗਲ ਰਿਹਾ ਹੈ। ਨਸ਼ਿਆਂ ਦਾ ਹੜ੍ਹ ਸਮਾਜ ਦੇ ਕੁਝ ਗਿਣੇ ਚੁਣੇ ਅਨਸਰਾਂ ਦੀ ਦੇਣ ਹੈ। ਪੰਜਾਬ ਇਸ ਦਲਦਲ ਵਿਚੋਂ ਕਿਵੇਂ ਨਿਕਲੇ, ਇਸ ਬਾਰੇ ਸਿਰ ਜੋੜ ਵਿਚਾਰਾਂ ਕਰਨ ਦੀ ਜ਼ਰੂਰਤ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
(2)
18 ਜੂਨ ਨੂੰ ਮੋਹਨ ਸ਼ਰਮਾ ਨੇ ਆਪਣੀ ਰਚਨਾ ‘ਮਾਂ ਦੀਆਂ ਵਾਲੀਆਂ’ ਵਿਚ ਨਸ਼ਿਆਂ ਵਿਚ ਗ਼ਲਤਾਨ ਹੋਈ ਨੌਜਵਾਨ ਪੀੜ੍ਹੀ ਦੀ ਤ੍ਰਾਸਦੀ ਪੇਸ਼ ਕੀਤੀ ਹੈ। ਮਾਂ ਦੀ ਹੂਕ ਜਾਨ ਕੱਢਣ ਵਾਲੀ ਹੈ। ਸਾਡੀਆਂ ਸਮਾਜਿਕ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੂੰ ਨਸ਼ਿਆਂ ਤੋਂ ਮੁਕਤੀ ਲਈ ਅੱਗੇ ਆਉਣਾ ਪਵੇਗਾ। ਪੁਲੀਸ ਨੂੰ ਵੀ ਨਸ਼ੱਈਆਂ ’ਤੇ ਪਰਚਾ ਦੇਣ ਦੀ ਬਜਾਇ ਵੱਡੇ ਮਗਰਮੱਛਾਂ ਨੂੰ ਫੜਨਾ ਚਾਹੀਦਾ ਹੈ ਅਤੇ ਸਖ਼ਤ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ। ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਗੁਰਮੀਤ ਸਿੰਘ, ਵੇਰਕਾ
ਆਖ਼ਿਰੀ ਸਤਰਾਂ
ਅਮਰਬੀਰ ਚੀਮਾ ਦਾ ਮਿਡਲ ‘ਸ਼ਿਮਲੇ ਦੀ ਸੈਰ’ (17 ਜੂਨ) ਭਾਵੇਂ ਨਿੱਕਾ ਜਿਹਾ ਹੈ ਪਰ ਇਸ ਵਿਚ ਜੀਵਨ ਦੀਆਂ ਸੱਚਾਈਆਂ ਇਕੋ ਥਾਂ ਇਕੱਠੀਆਂ ਹੋ ਗਈਆਂ ਹਨ। ਆਖ਼ਿਰੀ ਸਤਰਾਂ ਨੇ ਆਨੰਦ ਲਿਆ ਦਿੱਤਾ।
ਜਸਵੰਤ ਸਿੰਘ, ਅੰਮ੍ਰਿਤਸਰ
ਸੈਨਿਕੀਕਰਨ
16 ਜੂਨ ਦਾ ਸੰਪਾਦਕੀ ‘ਅਗਨੀਪਥ ਯੋਜਨਾ’ ਪੜ੍ਹਿਆ। ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਸਮਾਜ ਦੇ ਸੈਨਿਕੀਕਰਨ ਵੱਲ ਸਿੱਧੀ ਸਿੱਧੀ ਪੇਸ਼ਕਦਮੀ ਹੈ। ਇਹ ਅਸਲ ਵਿਚ ਕੇਂਦਰੀਕਰਨ ਰਾਹੀਂ ਕੰਟਰੋਲ ਦੀ ਅਗਲੀ ਕੜੀ ਹੈ। ਇਸ ਬਾਰੇ ਸੁਚੇਤ ਹੋਣਾ ਸਮੇਂ ਦੀ ਲੋੜ ਹੈ।
ਕਿਹਰ ਸਿੰਘ, ਬਠਿੰਡਾ