ਨਵੀਂ ਦਿੱਲੀ, 24 ਮਈ
ਸਰਕਾਰੀ ਸੂਤਰਾਂ ਮੁਤਾਬਕ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਰੇ ਆਖ਼ਰੀ ਫ਼ੈਸਲਾ ਹਰ ਸੰਭਵ ਪੱਧਰ ’ਤੇ ਤਾਲਮੇਲ ਕਰ ਕੇ ਸੁਝਾਅ ਲੈਣ ਤੋਂ ਬਾਅਦ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਵਰਤਮਾਨ ਸਥਿਤੀਆਂ ਦੇ ਮੱਦੇਨਜ਼ਰ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦਿਆਂ ਇਹੀ ਸਭ ਤੋਂ ਬਿਹਤਰ ਬਦਲ ਹੋਵੇਗਾ। ਜ਼ਿਕਰਯੋਗ ਹੈ ਕਿ ਐਤਵਾਰ ਪ੍ਰੀਖਿਆਵਾਂ ਬਾਰੇ ਉੱਚ ਪੱਧਰੀ ਬੈਠਕ ਹੋਈ ਸੀ ਜਿਸ ਵਿਚ ਸੂਬਿਆਂ ਤੋਂ ਸੁਝਾਅ ਮੰਗੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੁੱਦੇ ’ਤੇ ਕੇਂਦਰੀ ਸਿੱਖਿਆ ਮੰਤਰੀ ਨਾਲ ਬੈਠਕ ਕੀਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਮਹਾਮਾਰੀ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਤਰਜੀਹ ਦੇ ਰਹੀ ਹੈ। ਐਤਵਾਰ ਹੋਈ ਬੈਠਕ ਤੋਂ ਬਾਅਦ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਕਿਹਾ ਸੀ ਕਿ ਸੂਬਿਆਂ ਦਰਮਿਆਨ ਪ੍ਰੀਖਿਆਵਾਂ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਹੈ ਤੇ ਸਾਰਿਆਂ ਨੂੰ ਜਾਣੂ ਕਰਵਾ ਕੇ ਸਹਿਯੋਗ ਨਾਲ ਫ਼ੈਸਲਾ ਪਹਿਲੀ ਜੂਨ ਤੱਕ ਲਿਆ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਕੇਰਲਾ ਤੇ ਦਿੱਲੀ ਸਰਕਾਰ ਸਣੇ ਹੋਰਾਂ ਨੇ ਮੰਗ ਤਾਂ ਜ਼਼ਰੂਰ ਕੀਤੀ ਹੈ ਕਿ ਪ੍ਰੀਖਿਆਵਾਂ ਲੈਣ ਤੋਂ ਪਹਿਲਾਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਟੀਕਾ ਲਾਇਆ ਜਾਵੇ ਪਰ ਵਰਤਮਾਨ ਵਿਚ ਅਜਿਹਾ ਕੀਤਾ ਜਾਣਾ ਸੰਭਵ ਨਹੀਂ ਜਾਪਦਾ। ਦੱਸਣਯੋਗ ਹੈ ਕਿ ਬਾਰ੍ਹਵੀਂ ਦੇ 95 ਪ੍ਰਤੀਸ਼ਤ ਵਿਦਿਆਰਥੀ ਸਾਢੇ ਸਤਾਰਾਂ ਸਾਲਾਂ ਤੋਂ ਉਪਰ ਹਨ। ਮੈਡੀਕਲ ਮਾਹਿਰਾਂ ਮੁਤਾਬਕ ਇਸ ਉਮਰ ਵਰਗ (2-18) ਲਈ ਹਾਲੇ ਕਿਸੇ ਵੈਕਸੀਨ ਨੂੰ ਲਾਇਸੈਂਸ ਨਹੀਂ ਮਿਲਿਆ ਹੈ ਤੇ ਇਸ ਤਰ੍ਹਾਂ ਟੀਕਾ ਕਿਵੇਂ ਲਾਇਆ ਜਾ ਸਕਦਾ ਹੈ। ‘ਕੋਵੈਕਸੀਨ’ ਲਈ ਟਰਾਇਲ ਆਰੰਭੇ ਗਏ ਹਨ ਪਰ ‘ਕੋਵੀਸ਼ੀਲਡ’ ਨੂੰ ਹਾਲੇ ਸਮਾਂ ਲੱਗੇਗਾ। ਸਿਰਫ਼ ਫਾਈਜ਼ਰ ਹੀ 12 ਸਾਲ ਤੋਂ ਉਪਰ ਦੇ ਉਮਰ ਵਰਗ ਲਈ ਉਪਲੱਬਧ ਹੈ। ਜ਼ਿਕਰਯੋਗ ਹੈ ਕਿ ਐਤਵਾਰ ਹੋਈ ਉੱਚ ਪੱਧਰੀ ਬੈਠਕ ਦੌਰਾਨ ਅਸਾਮ, ਮਹਾਰਾਸ਼ਟਰ, ਮੱਧ ਪ੍ਰਦੇਸ਼, ਹਰਿਆਣਾ ਤੇ ਮੇਘਾਲਿਆ ਨੇ ਵੀ ਕੇਂਦਰ ਨੂੰ ਬੇਨਤੀ ਕੀਤੀ ਸੀ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਪ੍ਰੀਖਿਆ ਕੇਂਦਰਾਂ ’ਤੇ ਸੁਰੱਖਿਆ ਯਕੀਨੀ ਬਣਾਉਣ ਲਈ ਟੀਕਾਕਰਨ ਤਰਜੀਹੀ ਅਧਾਰ ਉਤੇ ਕੀਤਾ ਜਾਵੇ। -ਪੀਟੀਆਈ