ਰਵੇਲ ਸਿੰਘ ਭਿੰਡਰ
ਪਟਿਆਲਾ, 24 ਮਈ
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੀਐੱਸਐੱਨਐਲ ਟਾਵਰ ’ਤੇ ਲਗਾਤਾਰ 65 ਦਿਨਾਂ ਤੋਂ ਦੋਵੇਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਹਾਲੇ ਸੰਘਰਸ਼ ’ਤੇ ਡਟੇ ਰਹਿਣਗੇ। ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੇ ਸਿਲਸਿਲੇ ’ਚ ਅੱਜ ਚੰਡੀਗੜ੍ਹ ਵਿਚ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਪੈਨਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਬੇਰੁਜ਼ਗਾਰ ਅਧਿਆਪਕਾਂ ਵਿਚ ਰੋਸ ਦੀ ਲਹਿਰ ਹੋਰ ਪ੍ਰਚੰਡ ਹੋ ਗਈ ਹੈ। ਦੱਸਣਯੋਗ ਹੈ ਕਿ ਦੋਵੇਂ ਸੰਘਰਸ਼ੀਆਂ ਦੀ ਸਿਹਤ ਅਸਲੋਂ ਨਾਸਾਜ਼ ਚੱਲ ਰਹੀ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਹਾਲੇ ਹੋਰ ਚਿਰ ਲਈ ਟਾਲ ਦਿੱਤਾ ਗਿਆ ਹੈ। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਵਫ਼ਦ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲਿਆ। ਜਥੇਬੰਦੀ ਵੱਲੋਂ ਅੱਜ ਇੱਥੇ ਜਾਰੀ ਕੀਤੇ ਬਿਆਨ ਵਿਚ ਦੱਸਿਆ ਗਿਆ ਹੈ ਕਿ ਬੈਠਕ ਮਗਰੋਂ ਸਿੱਖਿਆ ਮੰਤਰੀ ਦਾ ਸਿਰਫ਼ ਇਹ ਹੀ ਕਹਿਣਾ ਸੀ ਕਿ ਜਥੇਬੰਦੀ ਦੀਆਂ ਮੰਗਾਂ ਨੂੰ ਜਲਦ ਹੱਲ ਕੀਤਾ ਜਾਵੇਗਾ। ਜਥੇਬੰਦੀ ਮੁਤਾਬਿਕ ਕਿਸੇ ਵੀ ਮੰਗ ਉੱਪਰ ਸਮਾਂ ਪੁੱਛਣ ’ਤੇ ਸਿੱਖਿਆ ਮੰਤਰੀ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਅਜਿਹੇ ਮਾਹੌਲ ਮਗਰੋਂ ਜਥੇਬੰਦੀ ਨੇ ਸਪਸ਼ਟ ਆਖਿਆ ਕਿ ਸਿੱਖਿਆ ਮੰਤਰੀ ਵੱਲੋਂ ਅੱਜ ਬੇਰੁਜ਼ਗਾਰ ਅਧਿਆਪਕਾਂ ਦੀ ਮੰਗਾਂ ਮੰਨਣ ਦਾ ਝੂਠਾ ਲਾਅਰਾ ਦਿੱਤਾ ਗਿਆ, ਜਿਸ ਕਰ ਕੇ ਬੈਠਕ ਨੂੰ ਪੂਰੀ ਤਰ੍ਹਾਂ ਬੇਸਿੱਟਾ ਹੀ ਮੰਨਿਆ ਜਾ ਸਕਦਾ ਹੈ।