ਦਿੱਲੀ ਯੂਨੀਵਰਸਿਟੀ ਦੇ ਪਾਠਕ੍ਰਮ (ਸਿਲੇਬਸ) ’ਤੇ ਨਿਗਾਹਬਾਨੀ ਕਰਨ ਵਾਲੀ ਕਮੇਟੀ (Oversight Committee) ਦੁਆਰਾ ਪਾਠਕ੍ਰਮ ਵਿਚ ਕੀਤੀਆਂ ਕੁਝ ਤਬਦੀਲੀਆਂ ਨੇ ਨਵਾਂ ਵਿਵਾਦ ਛੇੜਿਆ ਹੈ। ਸਭ ਤੋਂ ਜ਼ਿਆਦਾ ਵਿਵਾਦਤ ਤਬਦੀਲੀਆਂ ਉੱਘੀ ਬੰਗਾਲੀ ਸਾਹਿਤਕਾਰ ਮਹਾਸ਼ਵੇਤਾ ਦੇਵੀ ਅਤੇ ਦੋ ਦਲਿਤ ਤਾਮਿਲ ਔਰਤ ਲੇਖਕਾਂ ਬਾਮਾ ਫਾਸਟੀਨਾ ਸੂਸਾਈਰਾਜ ਅਤੇ ਸੁਕੀਰਤਰਿਣੀ ਦੀਆਂ ਲਿਖ਼ਤਾਂ ਨੂੰ ਬੀਏ (ਅੰਗਰੇਜ਼ੀ ਆਨਰਜ਼) ਦੇ ਪਾਠਕ੍ਰਮ ਵਿਚੋਂ ਹਟਾਉਣਾ ਹੈ। ਮਹਾਸ਼ਵੇਤਾ ਦੇਵੀ ਦੇਸ਼-ਵਿਦੇਸ਼ ਵਿਚ ਪਛਾਣੀ ਜਾਂਦੀ ਸਾਹਿਤਕਾਰ ਹੈ। ਉਸ ਨੇ ਕਬਾਇਲੀਆਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਦੀ ਜ਼ਿੰਦਗੀ ਅਤੇ ਦੁੱਖਾਂ-ਦਰਦਾਂ ਨੂੰ ਸਾਹਿਤਕ ਜਾਮਾ ਪਹਿਨਾਇਆ ਹੈ। ਪਾਠਕ੍ਰਮ ਵਿਚੋਂ ਹਟਾਈ ਗਈ ਕਹਾਣੀ ‘ਦਰੋਪਦੀ’ ਨਾਮ ਤੋਂ ਤਾਂ ਮਹਾਭਾਰਤ ਦੀ ਇਕ ਨਾਇਕਾ ਬਾਰੇ ਲੱਗਦੀ ਹੈ ਪਰ ਅਸਲ ਵਿਚ ਇਹ ਸੰਥਾਲ ਕਬੀਲੇ ਦੀ ਇਕ ਔਰਤ ਦੋਪਦੀ ਮੈਹਜਨ ਦੀ ਕਹਾਣੀ ਹੈ। ਵਰਤਮਾਨ ਦੀ ਕਹਾਣੀ ਨੂੰ ਮਿਥਿਹਾਸਕ ਰੰਗਤ ਦੇ ਕੇ ਮਹਾਸ਼ਵੇਤਾ ਪੁਰਾਣੇ ਅਤੇ ਵਰਤਮਾਨ ਸਮਿਆਂ ਵਿਚ ਹੋ ਰਹੇ ਜ਼ੁਲਮਾਂ ਵਿਚਲੀਆਂ ਸਾਂਝੀਆਂ ਕੜੀਆਂ ਤਲਾਸ਼ਦੀ ਹੈ। ਦੋਪਦੀ ’ਤੇ ਸਰੀਰਕ ਜਬਰ ਹੁੰਦਾ ਹੈ ਪਰ ਉਹ ਉਸੇ ਕੋਹੇ ਹੋਏ ਸਰੀਰ ਨੂੰ ਜ਼ੁਲਮ ਵਿਰੁੱਧ ਲੜਨ ਦਾ ਹਥਿਆਰ ਬਣਾ ਲੈਂਦੀ ਹੈ। ਉੱਘੀ ਚਿੰਤਕ ਗਾਇਤਰੀ ਚੱਕਰਵਰਤੀ ਸਪੀਵਾਕ ਨੇ ਇਸ ਕਹਾਣੀ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਸੀ ਅਤੇ ਇਹ ਕਈ ਦਹਾਕਿਆਂ ਤੋਂ ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿਚ ਹੈ।
ਬਾਮਾ ਤਾਮਿਲ ਨਾਵਲਕਾਰ ਹੈ ਜਿਸ ਨੇ ਦਲਿਤ ਔਰਤਾਂ, ਖ਼ਾਸ ਕਰ ਇਸਾਈ ਧਰਮ ਨਾਲ ਸਬੰਧਿਤ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਲਿਖਿਆ। ਉਸ ਨੇ ਇਕੱਲੀਆਂ, ਅਣਵਿਆਹੀਆਂ ਤੇ ਤਲਾਕਸ਼ੁਦਾ ਔਰਤਾਂ ਦੀ ਜ਼ਿੰਦਗੀ ਨੂੰ ਚਿਤਰਦਿਆਂ ਉਨ੍ਹਾਂ ਦੇ ਹੱਕਾਂ ਬਾਰੇ ਆਵਾਜ਼ ਬੁਲੰਦ ਕੀਤੀ। ਸੁਕੀਰਤਰਿਣੀ ਨੇ ਜਾਤੀਵਾਦ ਅਤੇ ਨਾਰੀ ’ਤੇ ਜਬਰ ਵਿਰੁੱਧ ਆਵਾਜ਼ ਉਠਾਉਂਦਿਆਂ ਦਲਿਤ ਔਰਤਾਂ ਦੇ ਅਨੁਭਵ ਨੂੰ ਕਵਿਤਾ ਵਿਚ ਕਲਮਬੱਧ ਕੀਤਾ ਹੈ। ਇਹ ਦੋਵੇਂ ਲੇਖਕਾਵਾਂ ਤਾਮਿਲ ਸਾਹਿਤ ਵਿਚ ਦਲਿਤ ਨਾਰੀਵਾਦ ਨਾਲ ਜੁੜੀਆਂ ਹੋਈਆਂ ਹਨ। ਨਾਰੀ-ਪੱਖ ਤੋਂ ਲਿਖੀ ਰਮਾਇਣ ‘ਚੰਦਰਾਵਤੀ/ਚੰਦਰਾਬਤੀ ਦੀ ਰਮਾਇਣ’ ਨੂੰ ਵੀ ਪਾਠਕ੍ਰਮ ਤੋਂ ਹਟਾਇਆ ਗਿਆ ਹੈ।
ਦਲੀਲ ਦਿੱਤੀ ਜਾ ਸਕਦੀ ਹੈ ਕਿ ਪਾਠਕ੍ਰਮਾਂ ’ਚ ਲੇਖਕ ਅਤੇ ਲਿਖ਼ਤਾਂ ਬਦਲੀਆਂ ਜਾਂਦੀਆਂ ਰਹੀਆਂ ਹਨ, ਸਮੇਂ ਸਮੇਂ ਇਹ ਤਬਦੀਲੀਆਂ ਹੋਣੀਆਂ ਵੀ ਚਾਹੀਦੀਆਂ ਹਨ। ਇਸ ਦਲੀਲ ਦੀ ਸਾਰਥਕਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਵਿਵਾਦ ਉਦੋਂ ਪੈਦਾ ਹੁੰਦੇ ਹਨ ਜਦੋਂ ਖ਼ਾਸ ਕਿਸਮ ਦੇ ਸਾਹਿਤ ਨੂੰ ਪਾਠਕ੍ਰਮ ਤੋਂ ਲਾਂਭੇ ਕੀਤਾ ਜਾਂਦਾ ਹੈ। ਕੁਝ ਵਰ੍ਹਿਆਂ ਤੋਂ ਦਲਿਤਾਂ, ਦਮਿਤਾਂ, ਕਬਾਇਲੀਆਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਬਾਰੇ ਸਾਹਿਤ ਨੂੰ ਪਾਠਕ੍ਰਮਾਂ ਦੇ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਹੈ। ਲੋਕਾਂ ਵਿਚ ਇਹ ਪ੍ਰਭਾਵ ਜਾ ਰਿਹਾ ਹੈ ਕਿ ਇਸ ਸਭ ਕੁਝ ਦੀ ਸੇਧ ਸਮਾਜ ਵਿਚ ਹਾਵੀ ਰਹੀਆਂ ਜਾਤਾਂ, ਜਮਾਤਾਂ ਅਤੇ ਹੋਰ ਵਰਗਾਂ ਤੋਂ ਪ੍ਰਸ਼ਨ ਪੁੱਛਦੀਆਂ ਲਿਖ਼ਤਾਂ ਨੂੰ ਪਾਠਕ੍ਰਮਾਂ ਤੋਂ ਹਟਾ ਕੇ ਵਿਦਿਆਰਥੀਆਂ ਨੂੰ ਪੜ੍ਹੇ-ਲਿਖੇ ਅਗਿਆਨੀ ਬਣਾਉਣ ਵੱਲ ਹੈ। ਕੋਈ ਵੀ ਸਮਾਜ ਉਦੋਂ ਤਕ ਤਰੱਕੀ ਨਹੀਂ ਕਰ ਸਕਦਾ ਜਦ ਤਕ ਉਹ ਆਪਣੇ ਸਮਕਾਲ ਵਿਚਲੀ ਜਟਿਲਤਾ ਅਤੇ ਸਮੱਸਿਆਵਾਂ ਦੇ ਰੂ-ਬ-ਰੂ ਨਹੀਂ ਹੁੰਦਾ। ਵਿੱਦਿਆ ਦਾ ਮਤਲਬ ਸਿਰਫ਼ ਗਿਆਨ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਜਗਿਆਸੂ ਬਣਾਉਣਾ ਅਤੇ ਜਾਗਰੂਕ ਕਰਨਾ ਹੁੰਦਾ ਹੈ। ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਦੇ ਵੱਖ ਵੱਖ ਸਮਾਜਾਂ ਵਿਚ ਦਲਿਤਾਂ, ਦਮਿਤਾਂ ਅਤੇ ਔਰਤਾਂ ਦੀਆਂ ਆਵਾਜ਼ਾਂ ਨੂੰ ਸਦੀਆਂ ਤੋਂ ਦਬਾਇਆ ਜਾ ਰਿਹਾ ਹੈ। ਪ੍ਰਗਤੀਸ਼ੀਲ ਸਮਾਜ ਲਈ ਅਜਿਹੇ ਵਿਦਿਆਰਥੀਆਂ ਦੀ ਜ਼ਰੂਰਤ ਹੁੰਦੀ ਹੈ ਜੋ ਆਪਣੇ ਸਮਾਜ ਵਿਚਲੀਆਂ ਉਨ੍ਹਾਂ ਪਰੰਪਰਾਵਾਂ ਬਾਰੇ ਸਵਾਲ ਪੁੱਛਣ ਜੋ ਦਲਿਤਾਂ, ਦਮਿਤਾਂ, ਔਰਤਾਂ ਤੇ ਹੋਰ ਹਾਸ਼ੀਆਗਤ ਵਰਗ ਨੂੰ ਦਬਾ ਕੇ ਰੱਖਣ ਦਾ ਯਤਨ ਕਰਦੀਆਂ ਹਨ। ਅਜਿਹੇ ਵਿਦਿਆਰਥੀ ਖੁੱਲ੍ਹੇ ਅਤੇ ਆਜ਼ਾਦਾਨਾ ਵਿੱਦਿਅਕ ਮਾਹੌਲ ਵਿਚ ਹੀ ਪਨਪ ਸਕਦੇ ਹਨ। ਦਿੱਲੀ ਦੀ ਅਕਾਦਮਿਕ ਕੌਂਸਲ ਦੇ 15 ਮੈਂਬਰਾਂ ਨੇ ਨਿਗਾਹਬਾਨੀ ਕਰਨ ਵਾਲੀ ਕਮੇਟੀ ਦੀ ਇਸ ਪਹਿਲਕਦਮੀ ਦਾ ਲਿਖ਼ਤੀ ਵਿਰੋਧ ਕੀਤਾ ਹੈ। ਅਜਿਹੀਆਂ ਕੋਸ਼ਿਸ਼ਾਂ ਕਈ ਹੋਰ ਸੂਬਿਆਂ, ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਵਿਚ ਵੀ ਹੋਈਆਂ ਹਨ। ਕਈ ਵਿੱਦਿਅਕ ਅਦਾਰਿਆਂ ਵਿਚ ਗ਼ੈਰ-ਤਰਕਸ਼ੀਲ ਅਤੇ ਅਵਿਗਿਆਨਕ ਲਿਖ਼ਤਾਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ। ਲੇਖਕਾਂ, ਚਿੰਤਕਾਂ, ਕਲਾਕਾਰਾਂ, ਵਿਦਿਆਰਥੀਆਂ, ਸਮਾਜਿਕ ਚਿੰਤਕਾਂ ਅਤੇ ਜਮਹੂਰੀ ਤਾਕਤਾਂ ਨੂੰ ਅਜਿਹੇ ਰੁਝਾਨਾਂ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ।