ਭੁਬਨੇਸ਼ਵਰ/ਕੋਲਕਾਤਾ, 24 ਮਈ
ਬੰਗਾਲ ਦੀ ਖਾੜੀ ’ਤੇ ਬਣਿਆ ਵੱਡੇ ਦਬਾਅ ਵਾਲਾ ਖੇਤਰ ਚੱਕਰਵਾਤੀ ਤੂਫਾਨ ‘ਯਾਸ’ ਵਿੱਚ ਤਬਦੀਲ ਹੋ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤੀ ਤੂਫ਼ਾਨ ਦੇ 26 ਮਈ ਨੂੰ ਉੜੀਸਾ-ਪੱਛਮੀ ਬੰਗਾਲ ਦੇ ਸਾਹਿਲਾਂ ਤੋਂ ਲੰਘਣ ਦਾ ਅਨੁਮਾਨ ਹੈ। ਕੋਲਾਕਾਤ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਉਪ ਨਿਰਦੇਸ਼ਕ ਸੰਜੀਵ ਬੰਧੋਪਾਧਿਆਏ ਨੇ ਦੱਸਿਆ ਕਿ ‘ਯਾਸ’ ਦੇ 26 ਮਈ ਦੀ ਦੁਪਹਿਰ ਨੂੰ ਪਾਰਾਦੀਪ ਤੇ ਸਾਗਰ ਦੀਪਾਂ ਵਿਚਾਲਿਓਂ ਹੁੰਦੇ ਹੋਏ ਉੜੀਸਾ-ਪੱਛਮੀ ਬੰਗਾਲ ਸਾਹਿਲਾਂ ਤੋਂ ਹੋ ਕੇ ਲੰਘਣ ਦਾ ਅਨੁਮਾਨ ਹੈ। ਚੱਕਰਵਾਤੀ ਤੂਫ਼ਾਨ ਦੌਰਾਨ 155-165 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਇਕ ਅਧਿਕਾਰੀ ਨੇ ਦੱਸਿਆ ਕਿ ਚੱਕਰਵਾਤ ’ਤੇ ਨਜ਼ਰ ਰੱਖਣ ਲਈ ਪੱਛਮੀ ਬੰਗਾਲ ਸਰਕਾਰ ਨੇ ਸੂਬਾ ਸਕੱਤਰੇਤ ਨਬੰਨਾ ਵਿੱਚ ਕੰਟਰੋਲ ਸੈਂਟਰ ਖੋਲ੍ਹੇ ਹਨ। ਉਨ੍ਹਾਂ ਦੱਸਿਆ ਕਿ ਸਾਹਿਲੀ ਜ਼ਿਲ੍ਹਿਆਂ ਪੂਰਬ ਤੇ ਪੱਛਮੀ ਮੇਦਨੀਪੁਰ, ਦੱਖਣੀ ਤੇ ਉੱਤਰੀ 24 ਪਰਗਨਾ, ਹਾਵੜਾ ਤੇ ਹੁਗਲੀ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਜਦੋਂਕਿ ਕੁਝ ਇਕ ਥਾਵਾਂ ’ਤੇ 25 ਮਈ ਤੋਂ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ। -ਪੀਟੀਆਈ