ਪੱਤਰ ਪ੍ਰੇਰਕ
ਬਨੂੜ, 23 ਮਈ
ਕਰੋਨਾ ਦੇ 59 ਕੇਸ ਪਾਜ਼ੇਟਿਵ ਆਉਣ ਮਗਰੋਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੰਟੇਨਮੈਂਟ ਜ਼ੋਨ ਐਲਾਨੇ ਗਏ ਪਿੰਡ ਕੁਰੜੀ ਵਿੱਚ ਅੱਜ ਨੌਜਵਾਨਾਂ ਨੇ ਕੀਟਾਣੂ ਨਾਸ਼ਕ ਦਵਾਈ ਦਾ ਸਪਰੇਅ ਕੀਤਾ। ਦਵਿੰਦਰ ਸਿੰਘ ਢੋਲ, ਜਗਤ ਸਿੰਘ ਢੋਲ, ਵਜ਼ੀਰ ਸਿੰਘ, ਨਿਰਮਲ ਸਿੰਘ, ਜ਼ੋਰਾ ਸਿੰਘ ਆਦਿ ਨੇ ਆਪਣੇ ਮੋਢਿਆਂ ਉੱਤੇ ਸਪਰੇਅ ਪੰਪ ਚੁੱਕ ਕੇ ਸਮੁੱਚੇ ਪਿੰਡ ਦੀਆਂ ਗਲੀਆਂ, ਜਨਤਕ ਥਾਵਾਂ ਅਤੇ ਕਰੋਨਾ ਤੋਂ ਪ੍ਰਭਾਵਿਤ ਮੁਹੱਲੇ ਵਿੱਚ ਛਿੜਕਾਓ ਕੀਤਾ। ਪਿੰਡ ਦੇ ਸਰਪੰਚ ਛੱਜਾ ਸਿੰਘ ਨੇ ਦੱਸਿਆ ਕਿ ਸਪਰੇਅ ਲਈ ਕੀਟਾਣੂ ਨਾਸ਼ਕ ਦਵਾਈ ਬੀਡੀਪੀਓ ਖਰੜ ਵੱਲੋਂ ਮੁਹੱਈਆ ਕਰਾਈ ਗਈ ਸੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਭੇਜੀਆਂ ਗਈਆਂ ਫ਼ਤਹਿ ਕਿੱਟਾਂ ਕਰੋਨਾ ਮਰੀਜ਼ਾਂ ਨੂੰ ਦੇ ਦਿੱਤੀਆਂ ਗਈਆਂ ਹਨ।
ਲਾਲੜੂ (ਪੱਤਰ ਪ੍ਰੇਰਕ): ਸੈਨੇਟਰੀ ਇੰਸਪੈਕਟਰ ਜੰਗ ਬਹਾਦਰ ਦੀ ਦੇਖ ਰੇਖ ਹੇਠ ਵਾਰਡ ਨੰਬਰ 6 ਨੂੰ ਸੈਨੇਟਾਈਜ਼ ਕੀਤਾ ਗਿਆ। ਇਸ ਮੌਕੇ ਕੌਂਸਲ ਦੇ ਮੁਲਾਜ਼ਮਾਂ ਨੇ ਸਪਰੇਅ ਪੰਪ ਰਾਂਹੀ ਸਾਰੀ ਗਲੀਆਂ, ਮੁਹੱਲਿਆਂ ਵਿੱਚ ਜਾ ਕੇ ਦਵਾਈ ਦਾ ਸਪਰੇਅ ਕੀਤਾ ਅਤੇ ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਅ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਖਰੜ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਖਰੜ ਹਲਕੇ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਅੱਜ ਖਰੜ ਹਲਕੇ ਨੂੰ ਸੈਨੀਟਾਈਜ਼ ਕਰਨ ਲਈ ਇੱਕ ਵਿਸ਼ੇਸ਼ ਟਰੈਕਟਰ ਤਿਆਰ ਕਰਵਾ ਕੇ ਉਸ ਨੂੰ ਰਵਾਨਾ ਕੀਤਾ। ਸ੍ਰੀ ਗਿੱਲ ਨੇ ਦੱਸਿਆ ਕਿ ਇਹ ਟਰੈਕਟਰ ਸਾਰੇ ਖਰੜ ਹਲਕੇ, ਜਿਸ ਵਿੱਚ ਸ਼ਹਿਰ ਅਤੇ ਸਾਰੇ ਪਿੰਡ ਸ਼ਾਮਲ ਹਨ, ਨੂੰ ਸੈਨੀਟਾਈਜ਼ ਕਰੇਗਾ। ਉਨ੍ਹਾਂ ਦੱਸਿਆ ਕਿ ਕਰੋਨਾ ਲਾਗ ਤੋਂ ਵੱਧ ਪ੍ਰਭਾਵਿਤ ਥਾਵਾਂ ਨੂੰ ਪਹਿਲ ਦੇ ਆਧਾਰ ’ਤੇ ਸੈਨੀਟਾਈਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੱਗਪਗ 2 ਮਹੀਨਿਆਂ ਦੌਰਾਨ ਇਹ ਟਰੈਕਟਰ ਸਾਰੇ ਹਲਕੇ ਨੂੰ ਕਵਰ ਕਰ ਲਵੇਗਾ। ਇਸ ਦੌਰਾਨ ਉਨ੍ਹਾਂ ਸਰਕਾਰ ’ਤੇ ਕਰੋਨਾ ਮਹਾਮਾਰੀ ਦੇ ਟਾਕਰੇ ’ਚ ਫੇਲ੍ਹ ਰਹਿਣ ਦੋਸ਼ ਵੀ ਲਾਇਆ।