ਮਨੋਜ ਸ਼ਰਮਾ
ਬਠਿੰਡਾ, 14 ਜੁਲਾਈ
ਪੰਜਾਬ ਵਿੱਚ ਹੜ੍ਹਾਂ ਕਾਰਨ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ,ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲ 16 ਜੁਲਾਈ ਤੱਕ ਬੰਦ ਕਰਨ ਦੇ ਹੁਕਮ ਦੇਣ ਬਾਵਜੂਦ ਇਥੋਂ ਦਾ ਮੈਰੀਟੋਰੀਅਸ ਸਕੂਲ ਖੁੱਲ੍ਹਿਆ। ਇਨ੍ਹਾਂ ਸਕੂਲਾਂ ਨੂੰ ਚਲਾਉਣ ਵਾਲੀ ਮੈਰੀਟੋਰੀਅਸ ਸੁਸਾਇਟੀ ਦੇ ਪ੍ਰਾਜੈਕਟ ਡਾਇਰੈਕਟਰ ਡਾ. ਮਨਿੰਦਰ ਸਿੰਘ ਸਰਕਾਰੀਆ ਵੱਲੋਂ ਇਨ੍ਹਾਂ ਰਿਹਾਇਸ਼ੀ ਸਕੂਲਾਂ ਲਈ ਕੋਈ ਲਿਖਤੀ ਪੱਤਰ ਜਾਰੀ ਨਹੀਂ ਕੀਤਾ ਗਿਆ ਤੇ ਸਿਰਫ ਵਟਸਐਪ ਸੁਨੇਹੇ ਰਾਹੀਂ ਸਕੂਲ ਖੁੱਲ੍ਹੇ ਰੱਖਣ ਲਈ ਕਿਹਾ ਗਿਆ ਹੈ। ਮੈਰੀਟੋਰੀਅਸ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਪੰਜਾਬ ਵਿੱਚ 10 ਮੈਰੀਟੋਰੀਅਸ ਸਕੂਲ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਬਠਿੰਡਾ ਅਤੇ ਸੰਗਰੂਰ ਨੂੰ ਵਿਚਲੇ ਦੋ ਸਕੂਲਾਂ ਨੂੰ ਖੁੱਲ੍ਹੇ ਰੱਖਣ ਦੀਆਂ ਕਿਹਾ ਗਿਆ ਹੈ। ਇਸ ਸਬੰਧੀ ਸਕੂਲਾਂ ਦੇ ਪ੍ਰਿੰਸੀਪਲ ਕੋਲ਼ੋਂ ਲਿਖਤੀ ਪੱਤਰ ਮੰਗਿਆ ਗਿਆ ਤਾਂ ਉਨ੍ਹਾਂ ਵੱਲੋਂ ਵੱਟਸਐਪ ਮੈਸੇਜ਼ ਦੇ ਅਧਾਰ ’ਤੇ ਹੀ ਸਕੂਲ ਲਗਾਉਣ ਲਈ ਹੁਕਮ ਭੇਜ ਦਿੱਤੇ ਗਏ ਹਨ। ਮੈਰੀਟੋਰੀਅਸ ਸਕੂਲ ਯੂਨੀਅਨ ਦੇ ਸੂਬਾਈ ਰਾਕੇਸ਼ ਕੁਮਾਰ, ਡਾ. ਰਤਨਜੋਤ ਕੌਰ, ਕੇਵਲ ਸਿੰਘ, ਡਾ. ਬਲਰਾਜ ਸਿੰਘ ਨੇ ਸਕੂਲ ਖੋਲ੍ਹਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਾਲੇ ਸਕੂਲ ਤੋਂ 15 ਕਿਲੋਮੀਟਰ ਦੇ ਘੇਰੇ ਵਿੱਚ ਪਾਣੀ ਪੁੱਜ ਚੁੱਕਿਆ ਹੈ। ਮੈਰੀਟੋਰੀਅਸ ਸਕੂਲ ਟੀਚਰਜ਼ ਯੂਨੀਅਨ ਨੇ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਇਹ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਕਰਕੇ ਢੁਕਵੀਂ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਮੈਰੀਟੋਰੀਅਸ ਸੁਸਾਇਟੀ ਦੇ ਪ੍ਰਾਜੈਕਟ ਡਾਇਰੈਕਟਰ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਇਹ ਆਮ ਸਕੂਲ ਨਹੀਂ ਹਨ। ਇਨ੍ਹਾਂ ਮੈਰੀਟੋਰੀਅਸ ਸਕੂਲਾਂ ਵਿੱਚ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਹਨ ਜੋ ਦੂਰ ਦੂਰਾਡੇ ਤੋਂ ਹਨ, ਜਿਨ੍ਹਾਂ ਲਈ ਸਕੂਲ ਤੋਂ ਵੱਧ ਸੁਰੱਖਿਅਤ ਜਗ੍ਹਾ ਕੋਈ ਨਹੀਂ। ਇਥੇ ਹੋਸਟਲਾਂ ਦੇ ਨਾਲ ਸੁਰੱਖਿਆ ਦਾ ਪ੍ਰਬੰਧ ਹੈ। ਬੱਚੇ ਅਜਿਹੇ ਹਾਲਾਤ ਵਿੱਚ ਘਰ ਵੀ ਨਹੀਂ ਜਾ ਸਕਦੇ। ਉਨ੍ਹਾਂ ਤੋਂ ਜਦੋਂ ਦੂਜੇ ਮੈਰੀਟੋਰੀਅਸ ਸਕੂਲ ਬੰਦ ਹੋਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕੁਝ ਫੈਸਲੇ ਸਕੂਲ ਪ੍ਰਿੰਸੀਪਲਾਂ ਵੱਲੋਂ ਆਪਣੇ ਪੱਧਰ ’ਤੇ ਲੈਣੇ ਹੁੰਦੇ ਹਨ।