ਵਾਸ਼ਿੰਗਟਨ: ਅਮਰੀਕੀ ਫ਼ੌਜ ਨੇ ਕਬੂਲ ਕੀਤਾ ਹੈ ਕਿ ਅਫ਼ਗਾਨਿਸਤਾਨ ’ਚ ਕੀਤੇ ਗਏ ਇਕ ਡਰੋਨ ਹਮਲੇ ’ਚ 10 ਬੇਕਸੂਰ ਵਿਅਕਤੀਆਂ ਦੀ ਮੌਤ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ‘ਮੰਦਭਾਗੀ ਗਲਤੀ’ ਸੀ ਕਿਉਂਕਿ ਹਮਲੇ ’ਚ ਇਸਲਾਮਿਕ ਸਟੇਟ ਖੁਰਾਸਾਨ ਦੇ ਸਾਜ਼ਿਸ਼ਘਾੜੇ ਨਹੀਂ ਮਾਰੇ ਗਏ ਸਨ। ਮ੍ਰਿਤਕਾਂ ’ਚ ਇਕ ਏਡ ਵਰਕਰ ਅਤੇ ਸੱਤ ਬੱਚੇ ਸ਼ਾਮਲ ਸਨ। ਅਮਰੀਕੀ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਕੈਨੇਥ ਫਰੈਂਕ ਮਕੈਂਜ਼ੀ ਨੇ 29 ਅਗਸਤ ਨੂੰ ਕਾਬੁਲ ’ਤੇ ਕੀਤੇ ਗਏ ਡਰੋਨ ਹਮਲੇ ਦੀ ਜਾਂਚ ਦੇ ਨਤੀਜਿਆਂ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਵਾਹਨ ਅਤੇ ਉਸ ’ਚ ਸਵਾਰ ਵਿਅਕਤੀ ਇਸਲਾਮਿਕ ਸਟੇਟ ਖੁਰਾਸਾਨ ਨਾਲ ਨਹੀਂ ਜੁੜੇ ਹੋਏ ਸਨ ਅਤੇ ਉਹ ਅਮਰੀਕੀ ਫ਼ੌਜ ਲਈ ਸਿੱਧਾ ਕੋਈ ਖ਼ਤਰਾ ਨਹੀਂ ਸਨ। ਪੈਂਟਾਗਨ ਨੇ ਦਾਅਵਾ ਕੀਤਾ ਸੀ ਕਿ ਹਮਲੇ ’ਚ ਆਈਐੱਸਆਈਐੱਸ-ਖੁਰਾਸਾਨ ਦਾ ਇਕ ਅਤੇ ਤਿੰਨ ਆਮ ਨਾਗਰਿਕ ਮਾਰੇ ਗਏ ਹਨ ਜਦਕਿ ਜਾਇੰਟ ਚੀਫ਼ਸ ਜਨਰਲ ਮਾਰਕ ਮਿਲੀ ਨੇ ਹਮਲੇ ਨੂੰ ਜਾਇਜ਼ ਠਹਿਰਾਇਆ ਸੀ। ਮਕੈਂਜ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਇਹ ਗਲਤੀ ਸੀ ਅਤੇ ਮੈਂ ਮੁਆਫ਼ੀ ਮੰਗਦਾ ਹਾਂ। ਕਮਾਂਡਰ ਵਜੋਂ ਹਮਲੇ ਅਤੇ ਇਸ ਮੰਦਭਾਗੀ ਘਟਨਾ ਲਈ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਂਦਾ ਹਾਂ।’’ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕਾਰ ਚਲਾ ਰਹੇ ਜ਼ਾਮਰਾਇ ਅਹਿਮਦੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਹਮਲੇ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਹਿਮਦੀ ਅਤੇ ਇਸਲਾਮਿਕ ਸਟੇਟ ਖੁਰਾਸਾਨ ਵਿਚਕਾਰ ਕੋਈ ਸਬੰਧ ਨਹੀਂ ਸੀ। -ਪੀਟੀਆਈ