ਭਵਾਨੀਗੜ੍ਹ: ਪਿੰਡ ਬਖੋਪੀਰ ਦੇ ਇੱਕ ਖੇਤ ਵਿੱਚ ਕਿਸੇ ਜ਼ਹਿਰੀਲੇ ਜੀਵ ਦੇ ਕੱਟੇ ਨਾਲ ਕਿਸਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਹਰਪ੍ਰੀਤ ਸਿੰਘ ਬੀਤੀ ਰਾਤ ਖੇਤ ਵਿੱਚ ਮੋਟਰ ਚਲਾਉਣ ਲਈ ਗਏ ਸਨ ਜਿੱਥੋਂ ਉਨ੍ਹਾਂ ਸਵੇਰੇ 3 ਕੁਝ ਵਜੇ ਫੋਨ ਕੀਤਾ ਕਿ ਉਨ੍ਹਾਂ ਨੂੰ ਕਿਸੇ ਜ਼ਹਿਰੀਲੀ ਜੀਵ ਨੇ ਕੱਟ ਲਿਆ ਹੈ। ਉਸ ਨੇ ਦੱਸਿਆ ਕਿ ਉਹ ਅਤੇ ਹਰਜੀਤ ਸਿੰਘ ਕਾਲਾ, ਸਾਬਕਾ ਸਰਪੰਚ ਕੁਲਵੰਤ ਸਿੰਘ ਆਦਿ ਉਨ੍ਹਾਂ ਨੂੰ ਇਲਾਜ ਲਈ ਭਵਾਨੀਗੜ੍ਹ ਲਿਜਾ ਰਹੇ ਸਨ ਕਿ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ 4 ਕੁ ਏਕੜ ਵਾਲਾ ਛੋਟਾ ਕਿਸਾਨ ਸੀ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। -ਪੱਤਰ ਪ੍ਰੇਰਕ