ਨਿੱਜੀ ਪੱਤਰ ਪ੍ਰੇਰਕ
ਮੋਗਾ, 22 ਜਨਵਰੀ
ਇੱਥੇ ਵਿਜੀਲੈਂਸ ਬਿਊਰੋ ਨੇ ਵੱਢੀ ਦੇ ਦੋਸ਼ ਹੇਠ ਗ੍ਰਿਫ਼ਤਾਰ ਸੂਬੇ ਦੇ ਕਰ ਤੇ ਆਬਕਾਰੀ ਵਿਭਾਗ ਦੇ ਮੋਬਾਈਲ ਵਿੰਗ ਈਟੀਓ ਰਾਜੀਵ ਪੁਰੀ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਉੱਤੇ ਸਥਾਨਕ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਰਾਜ ਸਰਕਾਰ ਦੀ ਟੈਕਸ ਚੋਰੀ ਰੋਕਣ ਦੀ ਮੋਬਾਈਲ ਵਿੰਗ ਦੇ ਤਕਰੀਬਨ ਡੇਢ ਦਰਜਨ ਅਧਿਕਾਰੀ ਵਿਜੀਲੈਂਸ ਦੇ ਸਿਕੰਜੇ ਵਿੱਚ ਹਨ। ਡੀਐੱਸਪੀ ਵਿਜੀਲੈਂਸ ਕੇਵਲ ਕਰਿਸ਼ਨ ਨੇ ਦੱਸਿਆ ਕਿ ਕਰ ਤੇ ਆਬਕਾਰੀ ਵਿਭਾਗ ਦੇ ਮੋਬਾਈਲ ਵਿੰਗ ਈਟੀਓ ਰਾਜੀਵ ਪੁਰੀ ਨੂੰ 40 ਹਜ਼ਾਰ ਦੀ ਰਿਸ਼ਵਤ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਉੱਡਣ ਦਸਤੇ ਨੇ ਕਰੀਬ 5 ਮਹੀਨੇ ਪਹਿਲਾਂ ਇਸ ਵਿਭਾਗ ਦੇ 12 ਈਟੀਓਜ਼ ਤੇ ਹੋਰ ਸੀਨੀਅਰ ਅਧਿਕਾਰੀਆਂ ਤੇ ਕਰੀਬ 5 ਟਰਾਂਸਪੋਰਟਰਾਂ ਖ਼ਿਲਾਫ਼ ਫੋਨ ਟੈਪਿੰਗ ਕਰ ਕੇ ਕੇਸ ਦਰਜ ਕੀਤਾ ਸੀ।