ਨਿੱਜੀ ਪੱਤਰ ਪ੍ਰੇਰਕ
ਮੋਗਾ, 21 ਦਸੰਬਰ
ਇਥੇ ਥਾਣਾ ਮਹਿਣਾ ਅਧੀਨ ਪਿੰਡ ਰਾਮੂਵਾਲਾ ਕਲਾਂ ’ਚ ਸ਼ਰਾਬ ਠੇਕੇ ਦੇ ਕਰਿੰਦੇ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਕਰਿੰਦਾ ਮੂਲ ਰੂਪ ਵਿੱਚ ਹਰਿਆਣਾ ਰਾਜ ਦਾ ਰਹਿਣ ਵਾਲਾ ਸੀ। ਇਹ ਵਾਰਦਾਤ ਦੁਪਹਿਰ ਬਾਅਦ ਹੋਈ ਦੱਸੀ ਜਾਂਦੀ ਹੈ ਪਰ ਘਟਨਾ ਦਾ ਦੇਰ ਸ਼ਾਮ ਨੂੰ ਉਸ ਵਕਤ ਪਤਾ ਲੱਗਾ ਜਦੋਂ ਕੁਝ ਆਦਮੀ ਠੇਕੇ ਤੋਂ ਸ਼ਰਾਬ ਲੈਣ ਆਏ।
ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਵਾਰਦਾਤ ਦੀ ਹਰ ਪੱਖ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਵੇਰਵਿਆਂ ਅਨੁਸਾਰ ਮ੍ਰਿਤਕ ਕਰਿੰਦੇ ਦੀ ਪਛਾਣ ਸੁੁਨੀਲ ਵਜੋਂ ਹੋਈ ਹੈ ਤੇ ਉਸਦੀ ਉਮਰ ਕਰੀਬ 25 ਸਾਲ ਸੀ। ਉਹ ਹਰਿਆਣਾ ਰਾਜ ਦਾ ਰਹਿਣ ਵਾਲਾ ਸੀ। ਪੁਲੀਸ ਮੁਤਾਬਕ ਹਰਬੰਸ ਸਿੰਘ ਬੰਸੀ ਦੇ ਖੇਤ ਵਿੱਚ ਬਣੇ ਕਮਰੇ ਵਿੱਚ ਸ਼ਰਾਬ ਦਾ ਠੇਕਾ ਸੀ। ਉਹ ਵਾਰਦਾਤ ਦੀ ਥਾਂ ਤੋਂ ਕੁਝ ਦੂਰੀ ਉੱਤੇ ਹੀ ਟਰੈਕਟਰ ਨਾਲ ਕੰਮ ਕਰ ਰਿਹਾ ਸੀ। ਉਸਨੇ ਦੱਸਿਆ ਕਿ ਸ਼ਾਮ ਕਰੀਬ 5 ਵਜੇ ਕੁਝ ਵਿਅਕਤੀ ਸ਼ਰਾਬ ਲੈਣ ਲਈ ਠੇਕੇ ਉੱਤੇ ਆਈ ਤੇ ਠੇਕਾ ਦਾ ਦਰਵਾਜ਼ਾ ਬੰਦ ਹੋਣ ਕਰਕੇ ਉਨ੍ਹਾਂ ਕਰਿੰਦੇ ਬਾਰੇ ਪੁੱਛਿਆ।
ਇਸ ਦੌਰਾਨ ਜਦੋਂ ਸ਼ਰਾਬ ਠੇਕੇ ਦਾ ਬਾਹਰੋ ਬੰਦ ਦਰਵਾਜਾ ਖੋਲ੍ਹ ਕੇ ਵੇਖਿਆ ਤਾਂ ਕਰਿੰਦੇ ਦ ਲਾਸ਼ ਖੂਨ ਨਾਲ ਲੱਥ ਪੱਥ ਪਈ ਸੀ। ਠੇਕੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਰਿੰਦੇ ਨਾਲ ਕਰੀਬ ਸਾਢੇ 3 ਵਜੇ ਸ਼ਾਮ ਨੂੰ ਫੋਨ ਉੱਤੇ ਗੱਲਾਤ ਹੋਈ ਸੀ ਤੇ ਇਸ ਤੋਂ ਬਾਅਦ ਹੀ ਵਾਰਦਾਤ ਹੋਈ ਹੈ। ਸੀਨੀਅਰ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਡੀਐੱਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਵਾਰਦਾਤ ਸਬੰਧੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।