ਸਰਬਜੀਤ ਸਿੰਘ ਭੰਗੂ/ਬੀਰਇੰਦਰ ਸਿੰਘ ਬਨਭੌਰੀ
ਪਟਿਆਲਾ/ਸੁਨਾਮ ਊਧਮ ਸਿੰਘ ਵਾਲਾ, 21 ਦਸੰਬਰ
ਆਮਦਨ ਕਰ ਵਿਭਾਗ ਵੱਲੋਂ ਮਾਰੇ ਜਾ ਰਹੇ ਛਾਪਿਆਂ ਖ਼ਿਲਾਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸੂਬਾਈ ਮੀਤ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਦੀ ਅਗਵਾਈ ਹੇਠ ਆੜ੍ਹਤੀਆਂ ਨੇ ਪਟਿਆਲਾ ਦੇ ਸਰਹਿੰਦ ਰੋਡ ’ਤੇ ਸਥਿਤ ਨਵੀਂ ਅਨਾਜ ਮੰਡੀ ਵਿਚ ਇਕੱਠੇ ਹੋ ਕੇ ਆਮਦਨ ਕਰ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਸੁਨਾਮ ਦੀ ਅਨਾਜ ਮੰਡੀ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਆਗੂਆਂ ਨੇ ਕਿਹਾ ਕਿ ਆੜ੍ਹਤੀਆਂ ਨੂੰ ਕਿਸਾਨਾਂ ਦੀ ਹਮਾਇਤ ਕਰਨ ਤੋਂ ਰੋਕਣ ਲਈ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ ਹਨ ਪਰ ਜੇਕਰ ਹੁਣ ਕਿਸੇ ਵੀ ਆੜ੍ਹਤੀ ਖ਼ਿਲਾਫ਼ ਛਾਪਾ ਮਾਰਿਆ ਗਿਆ ਤਾਂ ਸਮੁੱਚਾ ਆੜ੍ਹਤੀ ਭਾਈਚਾਰਾ ਛਾਪਾ ਮਾਰੂ ਟੀਮ ਦਾ ਘਿਰਾਓ ਕਰੇਗਾ। ਉਨ੍ਹਾਂ ਕਿਹਾ ਕਿ ਆੜ੍ਹਤੀ ਭਾਈਚਾਰਾ ਕੇਂਦਰ ਦੀਆਂ ਅਜਿਹੀਆਂ ਕਾਰਵਾਈਆਂ ਅੱਗੇ ਝੁਕਣ ਵਾਲਾ ਨਹੀਂ। ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ ਪਟਿਆਲਾ ਜ਼ਿਲ੍ਹੇ ਵਿੱਚ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਰਾਣਾ, ਸੂਬਾ ਸਕੱਤਰ ਪਵਨ ਕੁਮਾਰ ਸਮਾਣਾ, ਰਾਜਪੁਰਾ ਮੰਡੀ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਅਤੇ ਕਰਤਾਰ ਸਿੰਘ ਸਮੇਤ ਕੁਝ ਹੋਰਨਾਂ ਆੜ੍ਹਤੀਆਂ ਦੇ ਸ਼ੈਲਰਾਂ ਅਤੇ ਦੁਕਾਨਾਂ ’ਤੇ ਛਾਪੇ ਮਾਰਨ ਸਮੇਤ ਨੋਟਿਸ ਵੀ ਜਾਰੀ ਕੀਤੇ ਗਏ ਹਨ। ਪੰਜਾਬ ਭਰ ’ਚ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੈ ਕਾਲੜਾ ਸਮੇਤ ਕਈ ਹੋਰਾਂ ਆੜ੍ਹਤੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਆਮਦਨ ਕਰ ਵਿਭਾਗ ਦਾ ਵਿਰੋਧ ਜਾਰੀ ਰੱਖਣਗੇ ਆੜ੍ਹਤੀ: ਚੀਮਾ
ਪਟਿਆਲਾ (ਖੇਤਰੀ ਪ੍ਰਤੀਨਿਧ): ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਆਮਦਨ ਕਰ ਵਿਭਾਗ ਵੱਲੋਂ ਆੜ੍ਹਤੀਆਂ ਦੀ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਨੂੰ ਰੋਕਣ ਲਈ ਸਿਆਸੀ ਦਬਾਅ ਹੇਠ ਆੜ੍ਹਤੀਆਂ ’ਤੇ ਮਾਰੇ ਜਾ ਰਹੇ ਛਾਪਿਆਂ ਤੋਂ ਘਬਰਾ ਕੇ ਆੜ੍ਹਤੀ ਸੰਘਰਸ਼ ਵਾਪਸ ਨਹੀਂ ਲੈਣਗੇ। ਕੇਂਦਰ ਸਰਕਾਰ ਵਿਰੁੱਧ ਰੋਸ ਵਜੋਂ ਪੰਜਾਬ ਭਰ ਦੀਆਂ ਅਨਾਜ ਮੰਡੀਆਂ ਬੰਦ ਕਰ ਕੇ ਆੜ੍ਹਤੀ ਆਪਣਾ ਰੋਸ ਪ੍ਰਗਟ ਕਰਦੇ ਰਹਿਣਗੇ। ਇੱਥੇ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਸ੍ਰੀ ਚੀਮਾ ਨੇ ਕਿਹਾ ਕਿ ਐਸੋਸੀਏਸ਼ਨ ਨੇ ਫ਼ੈਸਲਾ ਲਿਆ ਹੈ ਕਿ ਹੁਣ ਜਿਸ ਜਗ੍ਹਾ ਵੀ ਆਮਦਨ ਕਰ ਅਧਿਕਾਰੀ ਛਾਪਾ ਮਾਰਨ ਆਉਣਗੇ, ਸਬੰਧਤ ਮੰਡੀ ਦੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਬੁਲਾਏ ਬਿਨਾਂ ਕੋਈ ਵੀ ਆੜ੍ਹਤੀ ਆਮਦਨ ਕਰ ਅਧਿਕਾਰੀਆਂ ਲਈ ਦਰਵਾਜ਼ਾ ਨਹੀਂ ਖੋਲ੍ਹੇਗਾ। ਕਿਸਾਨ, ਆੜ੍ਹਤੀ ਤੇ ਮਜ਼ਦੂਰ ਇਕੱਠੇ ਹੋ ਕੇ ਉਸੇ ਜਗ੍ਹਾ ਧਰਨਾ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਆਪਣਾ ਇਹ ਗਲਤ ਫ਼ੈਸਲਾ ਵਾਪਸ ਨਹੀਂ ਲੈਂਦੀ, ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਸਿੰਗਲਾ ਵੱਲੋਂ ਪ੍ਰਭਾਵਿਤ ਆੜ੍ਹਤੀਆਂ ਨਾਲ ਮੁਲਾਕਾਤ
ਪਟਿਆਲਾ (ਸਰਬਜੀਤ ਸਿੰਘ ਭੰਗੂ): ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇਨਕਮ ਟੈਕਸ ਵਿਭਾਗ ਛਾਪਿਆਂ ਦਾ ਸ਼ਿਕਾਰ ਹੋਏ ਪਟਿਆਲਾ ਜ਼ਿਲ੍ਹੇ ਦੇ ਆੜ੍ਹਤੀਆਂ ਜਸਵਿੰਦਰ ਸਿੰਘ ਰਾਣਾ, ਹਰਦੀਪ ਸਿੰਘ ਲਾਡਾ, ਕਰਤਾਰ ਸਿੰਘ ਰਾਜਪੁਰਾ, ਅਮਰੀਕ ਸਿੰਘ ਅਤੇ ਪਵਨ ਕੁਮਾਰ ਗੋਇਲ ਨਾਲ ਉਨ੍ਹਾਂ ਦੇ ਘਰ ਤੇ ਦੁਕਾਨਾਂ ’ਚ ਜਾ ਕੇ ਮੁਲਾਕਾਤ ਕੀਤੀ। ਸ੍ਰੀ ਸਿੰਗਲਾ ਨੇ ਅਜਿਹੇ ਛਾਪਿਆਂ ਨੂੰ ਕੇਂਦਰ ਦੀ ਬੁਖਲਾਹਟ ਅਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੀਤੀ ਗਈ ਕੋਝੀ ਅਤੇ ਗੈਰ-ਜਮਹੂਰੀ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਇਸ ਮੌਕੇ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ, ਮਦਨ ਜਲਾਲਪੁਰ, ਰਾਜਿੰਦਰ ਸਿੰੰਘ ਸਮੇਤ ਹੋਰ ਆਗੂ ਮੌਜੂਦ ਸਨ।