ਮਹਿੰਦਰ ਕੌਰ ਮੰਨੂ
ਸੰਗਰੂਰ, 21 ਜਨਵਰੀ
ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀਸ਼ਰੀ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਪ੍ਰਬੰਧਕ ਕਮੇਟੀ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਂਝੇ ਉਪਰਾਲੇ ਅਧੀਨ ਕਰਵਾਏ ਗਏ| ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਕਮੇਟੀ, ਪਰਮਿੰਦਰ ਸਿੰਘ ਸੋਬਤੀ, ਲਾਭ ਸਿੰਘ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਕੁਲਵੰਤ ਸਿੰਘ ਜ਼ੋਨ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਦਕੀ ਡਾਇਰੈਕਟਰ ਤੇ ਸੁਰਿੰਦਰਪਾਲ ਕੌਰ ਜ਼ੋਨਲ ਮੈਂਬਰ ਇਸਤਰੀ ਕੌਂਸਲ ਦੀ ਦੇਖ ਰੇਖ ਹੇਠ ਹੋਏ ਅੰਤਰ ਜ਼ੋਨਲ ਮੁਕਾਬਲਿਆਂ ਵਿਚ ਬਰਨਾਲਾ, ਬੁੱਢਲਾਡਾ, ਨਾਭਾ, ਲੌਂਗੋਵਾਲ, ਧਨੌਲਾ, ਫ਼ਤਹਿਗੜ੍ਹ ਛੰਨਾ ਅਕੈਡਮੀ, ਇਲਾਕੇ ਦੇ ਪੇਂਡੂ ਅਤੇ ਸ਼ਹਿਰੀ ਸਕੂਲਾਂ ਤੋਂ 20 ਟੀਮਾਂ ਨੇ ਭਾਗ ਲਿਆ| ਜ਼ਿਕਰਯੋਗ ਹੈ ਕਿ ਪ੍ਰਤੀਯੋਗੀਆਂ ਨੇ 72 ਕਲਾ ਛੰਦ ਕਵੀਸ਼ਰੀ ਦਾ ਗਾਇਨ ਕਰਕੇ ਸੰਗਤਾਂ ਨੂੰ ਮੋਹ ਲਿਆ|
ਇਸ ਮੌਕੇ ਦਸਤਾਰ ਸਜਾਉਣ ਦੇ ਜੂਨੀਅਰ ਤੇ ਸੀਨੀਅਰ ਗਰੁੱਪ ਦੇ ਮੁਕਾਬਲਿਆਂ ਵਿਚ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ| ਕੁਲਵੰਤ ਸਿੰਘ ਕਲਕੱਤਾ ਨੇ ਸਟੱਡੀ ਸਰਕਲ ਦੀਆਂ ਵਿਦਿਅਕ ਖੇਤਰ ਦੀਆਂ ਸਰਗਰਮੀਆਂ ਸਬੰਧੀ ਚਾਨਣਾ ਪਾਇਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ ਅਤੇ ਅਗਲੇਰੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੱਤੀ| ਇਸ ਮੌਕੇ ਹੋਏ ਕਵੀਸ਼ਰੀ ਗਾਇਨ ਮੁਕਾਬਲੇ ਦੌਰਾਨ ਲੜਕੀਆਂ ’ਚੋਂ ਬਾਬਾ ਅਜਾਪਾਲ ਸਕੂਲ ਨਾਭਾ, ਪੰਜਾਬ ਪ੍ਰਾਜੈਕਟ ਸਕੂਲ ਲੌਂਗੋਵਾਲ ਅਤੇ ਬੀਬੀ ਭਾਨੀ ਪਬਲਿਕ ਸਕੂਲ ਲੌਂਗੋਵਾਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ| ਲੜਕਿਆਂ ਦੇ ਮੁਕਾਬਲੇ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਭਰੂਰ, ਆਦਰਸ਼ ਪਬਲਿਕ ਸਕੂਲ ਕਾਲੇਕੇ ਅਤੇ ਮਨੂੰ ਵਾਟਿਕਾ ਪਬਲਿਕ ਸਕੂਲ ਬੁਢਲਾਡਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ| ਦਸਤਾਰ ਸਜਾਉਣ ਦੇ ਜੂਨੀਅਰ ਗਰੁੱਪ ਮੁਕਾਬਲੇ ’ਚੋਂ ਗੁਰਵੀਰ ਸਿੰਘ ਤੇ ਗਗਨਦੀਪ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਤੇ ਆਦੇਸ਼ ਪ੍ਰਤਾਪ ਸਿੰਘ ਸਪਰਿੰਗ ਡੇਲਜ਼ ਪਬਲਿਕ ਸਕੂਲ ਸੰਗਰੂਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ| ਸੀਨੀਅਰ ਗਰੁੱਪ ਦੇ ਮੁਕਾਬਲਿਆਂ ਵਿਚ ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਬਹਾਦਰਪੁਰ ਦੇ ਵਿਦਿਆਰਥੀ ਆਕਾਸ਼ਦੀਪ ਸਿੰਘ, ਹਰਵਿੰਦਰ ਸਿੰਘ ਤੇ ਇੰਦਰਜੀਤ ਸਿੰਘ ਪਹਿਲੇ ਤਿੰਨ ਸਥਾਨਾਂ ’ਤੇ ਰਹੇ|