ਨਵੀਂ ਦਿੱਲੀ: ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜ਼ਾਹਿਰ ਕਰ ਰਹੇ ਕਿਸਾਨਾਂ ਵੱਲੋਂ ਚਲਾਏ ਜਾ ਰਹੇ ‘ਫੇਸਬੁੱਕ’ ਤੇ ‘ਇੰਸਟਾਗ੍ਰਾਮ’ ਅਕਾਊਂਟ ਐਤਵਾਰ ਨੂੰ ਪਹਿਲਾਂ ਬਲੌਕ ਕਰ ਦਿੱਤੇ ਗਏ ਤੇ ਮਗਰੋਂ ਚਲਾ ਦਿੱਤੇ ਗਏ। ‘ਕਿਸਾਨ ਏਕਤਾ ਮੋਰਚਾ’ ਦੇ ਨਾਂ ਹੇਠ ਚਲਾਏ ਜਾ ਰਹੇ ਪੇਜਾਂ ਦੇ ਮੈਨੇਜਰਾਂ ਨੇ ਕਿਹਾ ਕਿ ਇਨ੍ਹਾਂ ਦੇ ਲੱਖਾਂ ਫਾਲੋਅਰਜ਼ ਹਨ ਤੇ ‘ਫੇਸਬੁੱਕ’ ਨੇ ਐਕਸੈੱਸ ਬਲਾਕ ਕਰ ਦਿੱਤਾ ਸੀ। ‘ਫੇਸਬੁੱਕ’ ਵੱਲੋਂ ਪੋਸਟ ਸੁਨੇਹੇ ਵਿਚ ਕਿਹਾ ਗਿਆ ਸੀ ਕਿ ਇਹ ਪੇਜ ਪਲੈਟਫਾਰਮ ਦੇ ਭਾਈਚਾਰਕ ਮਿਆਰਾਂ ਉਤੇ ਖ਼ਰੇ ਨਹੀਂ ਉਤਰਦੇ। ਜ਼ਿਕਰਯੋਗ ਹੈ ਕਿ ‘ਇੰਸਟਾਗ੍ਰਾਮ’ ਦੀ ਮਾਲਕ ਕੰਪਨੀ ਵੀ ‘ਫੇਸਬੁੱਕ’ ਹੈ। ਮੋਰਚੇ ਦੇ ‘ਇੰਸਟਾਗ੍ਰਾਮ’ ਪੇਜ ਉਤੇ ਨਵੀਆਂ ਪੋਸਟਾਂ ਪਾਉਣਾ ਬਲੌਕ ਕਰ ਦਿੱਤਾ ਗਿਆ ਸੀ ਪਰ ਮਗਰੋਂ ਇਹ ਅਕਾਊਂਟ ਵੀ ਚੱਲ ਪਿਆ। -ਟਨਸ