ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 23 ਜੁਲਾਈ
ਨਜ਼ਦੀਕੀ ਪਿੰਡ ਜਟਾਣਾ ਵਿੱਚ ਬਿਜਲੀ ਦੀਆਂ ਨੀਵੀਆਂ ਤਾਰਾਂ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ, ਪਰ ਸਬੰਧਤ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਪਿੰਡ ਦੇ ਸਰਪੰਚ ਦਿਆਲ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ ਵਿੱਚ ਜਿੱਥੇ ਤਾਰਾਂ ਨੀਵੀਆਂ ਪਈਆਂ ਹਨ, ਉੱਥੇ ਹੀ ਤਾਰਾਂ ਦਾ ਜਾਲ ਵੀ ਵਿਛਿਆ ਹੋਣ ਕਰਕੇ ਹਰ ਸਮੇਂ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਕਈ ਮੋਟਰਸਾਈਕਲ ਸਵਾਰ ਉਕਤ ਤਾਰਾਂ ਦੀ ਲਪੇਟ ਵਿੱਚ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਟਰਾਂਸਫਾਰਮਰ ਛੋਟਾ ਹੋਣ ਕਰਕੇ ਬਿਜਲੀ ਦੀ ਸਪਲਾਈ ਘੱਟਦੀ-ਵੱਧਦੀ ਰਹਿੰਦੀ ਹੈ ਜਿਸ ਕਾਰਨ ਕਈ ਘਰਾਂ ਦੇ ਉਪਕਰਨ ਸੜ ਚੁੱਕੇ ਹਨ। ਸਰਪੰਚ ਦਿਆਲ ਸਿੰਘ ਅਤੇ ਪੰਚਾਇਤ ਮੈਂਬਰਾਂ ਨੇ ਬਿਜਲੀ ਮੰਤਰੀ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਨ੍ਹਾਂ ਮਸਲਿਆਂ ਦੇ ਹੱਲ ਦੀ ਮੰਗ ਕੀਤੀ। ਇਸ ਸਬੰਧੀ ਸਬ ਡਿਵੀਜ਼ਨ ਬੇਲਾ ਦੇ ਐੱਸਡੀਓ ਰਘਵੀਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਬਾਹਰ ਹਨ ਅਤੇ ਉਹ ਆ ਕੇ ਮੌਕਾ ਵੇਖ ਕੇ ਸਮੱਸਿਆ ਦਾ ਹੱਲ ਕਰਨਗੇਂ।