ਰਜਿੰਦਰ ਕੁਕਨੂਸ
ਹੁਸ਼ਿਆਰਪੁਰ ਸ਼ਹਿਰ ਦੇ ਡਗਾਣਾ ਰੋਡ ’ਤੇ ਪੈਂਦੇ ਮੁਹੱਲਾ ਸੁਭਾਸ਼ ਨਗਰ ਵਿਖੇ ਦਹਾਕਿਆਂ ਤੋਂ ਜੁੱਤੀਆਂ ਬਣਾਉਣ ਤੇ ਮੁਰੰਮਤ ਕਰਨ ਵਾਲਾ ਸ਼ਖ਼ਸ ਅੱਜ ਵੱਡੇ ਵੱਡੇ ਵਿਦਵਾਨਾਂ ਲਈ ਪ੍ਰੇਰਨਾ ਸ੍ਰੋਤ ਬਣ ਗਿਆ ਹੈ। ਇਹ ਸ਼ਖ਼ਸ ਦਵਾਰਕਾ ਭਾਰਤੀ ਹੈ ਜੋ ਤਕਰੀਬਨ ਚਾਰ ਦਹਾਕਿਆਂ ਤੋਂ ਜੁੱਤੀਆਂ ਦੀ ਮੁਰੰਮਤ ਤੇ ਬਣਾਉਣ ਦਾ ਕੰਮ ਕਰ ਰਿਹਾ ਹੈ। ਉਹ ਦਰਜਨ ਦੇ ਕਰੀਬ ਕਿਤਾਬਾਂ ਦਾ ਪੰਜਾਬੀ ਤੋਂ ਹਿੰਦੀ ਤੇ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਕਰ ਚੁੱਕਾ ਹੈ। ਇਸ ਦੇ ਨਾਲ ਹੀ ਉਸ ਦੀ ਸਵੈ-ਜੀਵਨੀ ‘ਕਥਾ ਏਕ ਮੋਚੀ ਕੀ’ ਸ਼ਾਇਦ ਕਿਸੇ ਵੀ ਮੋਚੀ ਵੱਲੋਂ ਲਿਖੀ ਪਹਿਲੀ ਸਵੈ-ਜੀਵਨੀ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਦੇ ਪਿੰਡ ਮਹਿੰਗਰਰੋਵਾਲ ਦੇ ਭਗਵਾਨ ਦਾਸ ਤੇ ਕਾਂਤਾ ਦਾ ਪੁੱਤਰ ਦਵਾਰਕਾ ਭਾਰਤੀ ਸਿਰਫ਼ ਦਸਵੀਂ ਤੱਕ ਪੜ੍ਹਿਆ ਹੋਇਆ ਹੈ। ਹੁਣ ਤੱਕ ਭਾਰਤੀ ਦੇ ਲਿਖੇ ਸੈਂਕੜੇ ਲੇਖ ਤੇ ਹੋਰ ਰਚਨਾਵਾਂ ਹਿੰਦੀ ਪੰਜਾਬੀ ਦੇ ਪ੍ਰਸਿੱਧ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਉਹ ਮਾਸਿਕ ਹਿੰਦੀ ਰਸਾਲੇ ‘ਬੌਧ ਧਰਮ ਪ੍ਰਚਾਰਕ’ ਦੇ ਸੰਪਾਦਕੀ ਸਹਿਯੋਗੀ ਵਜੋਂ ਵੀ ਸੇਵਾ ਨਿਭਾਅ ਰਿਹਾ ਹੈ।
ਦਵਾਰਕਾ ਭਾਰਤੀ ਬਹੁਤ ਸਾਰੀਆਂ ਵਿਚਾਰਵਾਦੀ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਵਿਚੋਂ ਰਾਹੁਲ ਵਿਚਾਰ ਮੰਚ, ਮਾਨਵਵਾਦੀ ਰਚਨਾ ਮੰਚ ਦੇ ਨਾਲ ਨਾਲ ਅੰਬੇਡਕਰ ਮਿਸ਼ਨ ਸੁਸਾਇਟੀ ਵਿਚ ਪੰਜਾਬ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਹੋਏ 1989 ਤੋਂ ਅੰਬੇਡਕਰ ਲਾਇਬਰੇਰੀ ਦਾ ਵੀ ਸੰਚਾਲਨ ਕਰ ਰਿਹਾ ਹੈ।
ਦਵਾਰਕਾ ਭਾਰਤੀ ਵੱਲੋਂ ਪੰਜਾਬੀ ਤੋਂ ਹਿੰਦੀ ਤੇ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਕਿਤਾਬਾਂ ਵਿੱਚੋਂ ਗੁਰਚਰਨ ਸਿੰਘ ਰਾਓ ਦੇ ਨਾਵਲ ‘ਮਸ਼ਾਲਚੀ’ ਦਾ ਹਿੰਦੀ ਅਨੁਵਾਦ, ਓਮ ਪ੍ਰਕਾਸ਼ ਵਾਲਮੀਕਿ ਦੇ ਪ੍ਰਸਿੱਧ ਨਾਵਲ ‘ਜੂਠਨ’ ਦਾ ਪੰਜਾਬੀ ਅਨੁਵਾਦ, ਸਰੂਪ ਸਿਆਲਵੀ ਦੇ ਕਹਾਣੀ ਸੰਗ੍ਰਹਿ ‘ਕਾਲ-ਕਾਲੰਤਰ’ ਅਤੇ ਸਵੈ-ਜੀਵਨੀ ‘ਜ਼ਲਾਲਤ’ ਦਾ ਪੰਜਾਬੀ ਤੋਂ ਹਿੰਦੀ ਅਨੁਵਾਦ ਆਦਿ ਪ੍ਰਮੁੱਖ ਹਨ।
ਇਹ ਵੀ ਦੱਸਣਯੋਗ ਹੈ ਕਿ ਦਵਾਰਕਾ ਭਾਰਤੀ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਦੀ ਪਾਠਕ੍ਰਮ ਮਾਹਿਰ ਸਮਿਤੀ ਦਾ ਵੀ ਮੈਂਬਰ ਹੈ ਤੇ ਉਸ ਦੀ ਕਾਵਿ ਰਚਨਾ ‘ਆਜ ਕਾ ਏਕਲੱਵਯ’ ਇਸੇ ਯੂਨੀਵਰਸਿਟੀ ਦੇ ਪਾਠਕ੍ਰਮ ਵਿਚ ਪੜ੍ਹਾਈ ਜਾਂਦੀ ਹੈ। ਇਸ ਦੇ ਨਾਲ ਨਾਲ ਉਸ ਦੀਆਂ ਦੋ ਕਵਿਤਾਵਾਂ ਤੇ ਲਿਖੇ ਪਾਠ ਵੀ ਇਗਨੂੰ ਵਿਚ ਪੜ੍ਹਏ ਜਾ ਰਹੇ ਹਨ। ਦਵਾਰਕਾ ਭਾਰਤੀ ਵੱਲੋਂ ਪੰਜਾਬੀ ਤੋਂ ਹਿੰਦੀ ਵਿਚ ਅਨੁਵਾਦਿਤ ਪੁਸਤਕਾਂ ‘ਕਾਲ-ਕਾਲੰਤਰ’ (ਕਹਾਣੀ ਸੰਗ੍ਰਹਿ) ਅਤੇ ਸਵੈ ਜੀਵਨੀ ‘ਜ਼ਲਾਲਤ’ ਦੇ ਲੇਖਕ ਸਰੂਪ ਸਿਆਲਵੀ ਦਾ ਦਵਾਰਕਾ ਭਾਰਤੀ ਬਾਰੇ ਕਹਿਣਾ ਹੈ, ‘‘ਦਵਾਰਕਾ ਭਾਰਤੀ ਨਾਲ ਮੇਰਾ ਰਾਬਤਾ ਉੱਘੇ ਵਿਦਵਾਨ ਗਿਆਨ ਸਿੰਘ ਬੱਲ ਨਾਲ ਰਾਹੀਂ ਹੋਇਆ ਸੀ। ਦਵਾਰਕਾ ਭਾਰਤੀ ਖ਼ੁਦ ਇੱਕ ਉਚ ਪੱਧਰੀ ਲੇਖਕ, ਚਿੰਤਕ ਅਤੇ ਅਨੁਵਾਦਕ ਵੀ ਹਨ। ਨਾਲ ਨਾਲ ਉਨ੍ਹਾਂ ਦੀ ਅਸਲ ਵਿਦਵਤਾ ਇਹ ਹੈ ਕਿ ਇਹ ਉਸ ਸਾਹਿਤ ਨੂੰ ਅਨੁਵਾਦ ਕਰਕੇ ਪਾਠਕਾਂ ਸਾਹਮਣੇ ਲਿਆਉਂਦੇ ਹਨ ਜਿਹਦਾ ਪੱਧਰ ਆਮ ਸਾਹਿਤ ਨਾਲੋਂ ਉੱਚਾ ਤੇ ਨਿਵੇਕਲਾ ਹੁੰਦਾ ਹੈ। ਮੈਂ ਖ਼ੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਉਨ੍ਹਾਂ ਨੇ ਮੇਰੀਆਂ ਦੋ ਕਿਤਾਬਾਂ ਅਤੇ ਕੁਝ ਹੋਰ ਕਹਾਣੀਆਂ ਨੂੰ ਹਿੰਦੀ ਵਿੱਚ ਅਨੁਵਾਦ ਕਰਕੇ ਹਿੰਦੀ ਸਾਹਿਤ ਵਿੱਚ ਮੇਰੀ ਪਛਾਣ ਬਣਾਈ ਹੈ। ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਨੇ ਬਹੁਤ ਸਾਰਾ ਸਾਹਿਤ ਹਿੰਦੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਹਿੰਦੀ ਦੇ ਪਾਠਕਾਂ ਦੇ ਰੂਬਰੂ ਕਰਕੇ ਬਹੁਤ ਸਾਰੇ ਪ੍ਰਬੁੱਧ ਪਾਠਕਾਂ ਨੂੰ ਸਾਹਿਤ ਨਾਲ ਜੋੜਨ ਦਾ ਸ਼ਲਾਘਾਯੋਗ ਕੰਮ ਕੀਤਾ ਹੈ।’’ ਗੱਲਬਾਤ ਕਰਦਿਆਂ ਦਵਾਰਕਾ ਭਾਰਤੀ ਨੇ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ ਲਈ ਬਿਹਤਰ ਕੰਮ ਨੂੰ ਲਗਾਤਾਰ ਕਰਦੇ ਰਹਿਣ ਨਾਲ ਉਸ ਦੇ ਸਾਰਥਿਕ ਨਤੀਜੇ ਨਿਕਲਦੇ ਹੀ ਹਨ।
ਪਰਿਵਰਤਨਵਾਦੀ ਸੋਚ ਨੂੰ ਪ੍ਰਣਾਇਆ ਦਵਾਰਕਾ ਭਾਰਤੀ ਆਪਣੇ ਸੁਪਨੇ ਬਾਰੇ ਗੱਲਬਾਤ ਕਰਦਿਆਂ ਕਹਿੰਦਾ ਹੈ ਕਿ ਸਾਡੇ ਸਮਾਜ ਵਿੱਚ ਪੁਰਾਣੀ ਸੋਚ ਜੋ ਸਮਾਜ ਦਾ ਨੁਕਸਾਨ ਕਰ ਰਹੀ ਹੈ, ਵਿਚ ਤਬਦੀਲੀ ਲਿਆਉਣ ਲਈ ਸੰਭਵ ਯਤਨ ਕਰਨੇ ਹੀ ਉਸ ਦੀ ਜ਼ਿੰਦਗੀ ਦਾ ਪ੍ਰਮੁੱਖ ਨਿਸ਼ਾਨਾ ਤੇ ਸੁਪਨਾ ਹੈ।
ਸੰਪਰਕ: 81988-68001