ਨਵੀਂ ਦਿੱਲੀ, 20 ਜਨਵਰੀ
ਦੇਸ਼ ’ਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 1,05,95,660 ’ਤੇ ਪਹੁੰਚ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 13,823 ਮਰੀਜ਼ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ 1,02,45,741 ਵਿਅਕਤੀ ਤੰਦਰੁਸਤ ਹੋ ਚੁੱਕੇ ਹਨ। ਕੋਵਿਡ-19 ਦੀ ਰਿਕਵਰੀ ਦਰ 96.70 ਫ਼ੀਸਦ ਹੋ ਗਈ ਹੈ। ਬੀਤੇ ਇਕ ਦਿਨ ’ਚ 162 ਹੋਰ ਵਿਅਕਤੀਆਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 1,52,718 ’ਤੇ ਪਹੁੰਚ ਗਈ ਹੈ। ਦੇਸ਼ ’ਚ ਕੁੱਲ ਸਰਗਰਮ ਕੇਸਾਂ ਦੀ ਗਿਣਤੀ ਕਰੀਬ ਸੱਤ ਮਹੀਨਿਆਂ ਮਗਰੋਂ ਦੋ ਲੱਖ ਤੋਂ ਹੇਠਾਂ ਆਈ ਹੈ। ਦੇਸ਼ ’ਚ ਕਰੋਨਾ ਲਾਗ ਦੇ 1,97,201 ਸਰਗਰਮ ਕੇਸ ਹਨ।
-ਪੀਟੀਆਈ
ਪੰਜਾਬ ’ਚ ਕਰੋਨਾ ਨਾਲ 4 ਹੋਰ ਵਿਅਕਤੀਆਂ ਦੀ ਮੌਤ
ਪੰਜਾਬ ’ਚ ਲੰਘੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨਾਲ 4 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਟਿਆਲਾ ਵਿੱਚ 2, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ 1-1 ਵਿਅਕਤੀਆਂ ਲਈ ਇਹ ਵਾਇਰਸ ਜਾਨਲੇਵਾ ਸਾਬਤ ਹੋਇਆ ਹੈ। ਸੂਬੇ ਵਿੱਚ ਪਿਛਲੇ ਇੱਕ ਦਿਨ ਦੌਰਾਨ 199 ਸੱਜਰੇ ਮਾਮਲੇ ਸਾਹਮਣੇ ਆਏ ਹਨ ਤੇ 202 ਵਿਅਕਤੀ ਸਿਹਤਯਾਬ ਹੋਏ ਹਨ। ਸੂੁਬੇ ਵਿੱਚ ਇਸ ਸਮੇਂ ਇਲਾਜ ਅਧੀਨ ਵਿਅਕਤੀਆਂ ਦੀ ਗਿਣਤੀ ਘਟ ਕੇ 2,405 ਰਹਿ ਗਈ ਹੈ। -ਟਿ੍ਰਬਿਊਨ ਨਿਊਜ਼ ਸਰਵਿਸ
ਟੀਕਾ ਲਗਵਾਉਣ ਵਾਲੇ ਸਿਹਤ ਕਰਮੀ ਦੀ ਮੌਤ
ਹੈਦਰਾਬਾਦ: ਤੇਲੰਗਾਨਾ ਦੇ ਨਿਰਮਲ ਜ਼ਿਲ੍ਹੇ ਵਿੱਚ ਕੋਵਿਡ-19 ਖ਼ਿਲਾਫ਼ ਟੀਕਾ ਲਗਵਾਉਣ ਵਾਲੇ ਇੱਕ 42 ਸਾਲਾ ਸਿਹਤ ਕਾਮੇ ਦੀ ਅੱਜ ਤੜਕੇ ਮੌਤ ਹੋ ਗਈ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸਿਹਤ ਕਰਮੀ ਦੀ ਮੌਤ ਟੀਕੇ ਕਾਰਨ ਨਹੀਂ ਹੋਈ ਹੈ। ਸਿਹਤ ਕਾਮੇ ਨੇ ਮੰਗਲਵਾਰ ਸਵੇਰੇ ਜ਼ਿਲ੍ਹੇ ਦੇ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਟੀਕਾ ਲਗਵਾਇਆ ਸੀ ਤੇ ਉਸ ਨੂੰ ਬੁੱਧਵਾਰ ਤੜਕੇ ਢਾਈ ਵਜੇ ਛਾਤੀ ਵਿੱਚ ਦਰਦ ਹੋਇਆ। ਸੂਬੇ ਦੇ ਲੋਕ ਸਿਹਤ ਨਿਰਦੇਸ਼ਕ ਜੀ ਸ੍ਰੀਨਿਵਾਸ ਨੇ ਦੱਸਿਆ ਕਿ ਉਸ ਨੂੰ ਤੜਕੇ 5:30 ਵਜੇ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਟੀਕਾਕਰਨ ਕਾਰਨ ਨਹੀਂ ਹੋਈ ਹੈ। ਡਾਕਟਰਾਂ ਦੀ ਟੀਮ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾਵੇਗਾ। ਟੀਕਾਕਰਨ ਸਬੰਧੀ ਬਣਾਈ ਗਈ ਜ਼ਿਲ੍ਹਾ ਪੱਧਰੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ, ਜੋ ਸੂਬਾਈ ਕਮੇਟੀ ਨੂੰ ਆਪਣੀ ਰਿਪੋਰਟ ਸੌਂਪੇਗੀ। ਦੱਸਣਯੋਗ ਹੈ ਕਿ ਸੂਬੇ ਵਿੱਚ 16 ਜਨਵਰੀ ਨੂੰ ਟੀਕਾਕਰਨ ਸ਼ੁਰੂ ਹੋਇਆ ਸੀ।
-ਪੀਟੀਆਈ
7.86 ਲੱਖ ਸਿਹਤ ਕਾਮਿਆਂ ਦਾ ਟੀਕਾਕਰਨ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਕੋਵਿਡ-19 ਟੀਕਾਕਰਨ ਮੁਹਿੰਮ ਦੇ ਅੱਜ ਪੰਜਵੇਂ ਦਿਨ ਤਕ 7.86 ਲੱਖ ਸਿਹਤ ਕਰਮੀਆਂ ਦਾ ਟੀਕਾਕਰਨ ਹੋਇਆ ਹੈ। ਮੰਤਰਾਲੇ ਅਨੁਸਾਰ ਅੱਜ 20 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ 1,12,007 ਲਾਭਪਾਤਰੀਆਂ ਨੇ ਟੀਕਾਕਰਨ ਕਰਵਾਇਆ ਹੈ। ਮੰਤਰਾਲੇ ਦੇ ਵਧੀਕ ਸਕੱਤਰ ਮਨੋਹਰ ਅਗਨਾਨੀ ਨੇ ਦੱਸਿਆ ਕਿ ਟੀਕਾਕਰਨ ਨਾਲ 10 ਜਣਿਆਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪਿਆ ਹੈ। ਇਨ੍ਹਾਂ ਵਿੱਚੋਂ ਚਾਰ ਦਿੱਲੀ, ਦੋ ਕਰਨਾਟਕ ਤੇ ਉੱਤਰਖੰਡ, ਛੱਤੀਸਗੜ੍ਹ, ਰਾਜਸਥਾਨ ਤੇ ਪੱਛਮੀ ਬੰਗਾਲ ਦੇ ਇੱਕ-ਇੱਕ ਕੇਸ ਹਨ।
-ਪੀਟੀਆਈ