ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 19 ਦਸੰਬਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਜਲ ਸਪਲਾਈ ਵਿਭਾਗ ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਦੇ ਬਾਹਰ ਲਗਾਤਾਰ ਮੋਰਚਾ ਤੀਜੇ ਦਿਨ ਵੀ ਜਾਰੀ ਰਿਹਾ। ਇਸ ਸਬੰਧੀ ਦਵਿੰਦਰ ਸਿੰਘ ਨਾਭਾ ਨੇ ਦੱਸਿਆ ਕਿ ਅੱਜ ਦੇ ਮੋਰਚੇ ‘ਚ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੰਗਰੂਰ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਦੀਪ ਸਿੰਘ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ/ਬਰਨਾਲਾ ਦੇ ਵਰਕਰ ਸ਼ਾਮਲ ਹੋਏ।
ਉਨ੍ਹਾਂ ਕਿਹਾ ਕਿ ਇਹ ਕਾਮੇ ਪਿਛਲੇ ਦਸ-ਪੰਦਰਾਂ ਸਾਲਾਂ ਤੋਂ ਵਿਭਾਗ ਵਿੱਚ ਵਿਭਾਗ ਦੀ ਆਪ ਬਣਾਈ ਇਨਲਿਸਟਮੈਂਟ ਪਾਲਿਸੀ ਤਹਿਤ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਨਲਿਸਟਮੈਂਟ ਪਾਲਿਸੀ ਰੱਦ ਕਰਕੇ ਇਨ੍ਹਾਂ ਕਾਮਿਆਂ ਨੂੰ ਸਿੱਧਾ ਕੰਟਰੈਕਟ ਜਾਂ ਬੈਕਡੋਰ ਮਸਟਰੋਲ ਕੀਤਾ ਜਾਵੇ। ਵਿਭਾਗ ਨਾਲ ਤੇ ਵਿਭਾਗ ਦੀ ਮੰਤਰੀ ਨਾਲ ਅਨੇਕਾਂ ਮੀਟਿੰਗਾਂ ਹੋਣ ਦੇ ਬਾਵਜੂਦ ਇਨ੍ਹਾਂ ਕਾਮਿਆਂ ਨੂੰ ਆਊਟਸੋਰਸਿੰਗ ਕੰਪਨੀ ਰਾਹੀਂ ਲਿਆਉਣ ਲਈ ਜ਼ੋਰ ਲਾਇਆ ਜਾ ਰਿਹਾ ਹੈ ਜਿਸ ਦਾ ਜਥੇਬੰਦੀ ਵੱਲੋਂ ਮੁੱਢ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੋਰਚਾ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਕਾਮਿਆਂ ਦੀਆਂ ਮੰਗਾਂ ਦਾ ਪੂਰਨ ਹੱਲ ਨਹੀਂ ਹੁੰਦਾ। ਇਸ ਮਗਰੋਂ ਕਾਮਿਆਂ ਨੇ ਰੋਸ ਪ੍ਰਗਟ ਕਰਦਿਆਂ ਮੰਤਰੀ ਮੈਡਮ ਰਜ਼ੀਆ ਸੁਲਤਾਨ ਦੇ ਰਿਹਾਇਸ਼ ਸਾਹਮਣੇ ਕਾਲੀਆਂ ਝੰਡੀਆਂ ਹੱਥਾਂ ਵਿੱਚ ਫੜ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਜਲ ਸਪਲਾਈ ਮੰਤਰੀ ਵੱਲੋਂ ਇਨ੍ਹਾਂ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪਰਿਵਾਰ ਤੇ ਬੱਚੇ ਸੰਘਰਸ਼ ਵਿੱਚ ਸ਼ਾਮਲ ਕੀਤੇ ਜਾਣਗੇ। ਇਸ ਮੌਕੇ ਪ੍ਰਤਾਪ ਸਿੰਘ ਸੰਧੂ, ਹੰਸਾ ਸਿੰਘ, ਗੁਰਮੀਤ ਸਿੰਘ, ਹਰਦੀਪ ਸਿੰਘ ਬਰਨਾਲਾ,ਬਿੰਕਰ ਸਿੰਘ ਕਾਲੇਕੇ, ਕਰਮਜੀਤ ਪਾਲ, ਮਿੰਟੂ ਸਿੰਘ, ਰਣਬੀਰ ਸਿੰਘ, ਸ਼ਿਵ ਕੁਮਾਰ ਤੇ ਨਰਿੰਦਰ ਸਿੰਘ ਪੁਗਾ ਮੌਜੂਦ ਸਨ।