ਰਾਕੇਸ਼ ਸੈਣੀ
ਨੰਗਲ, 19 ਦਸੰਬਰ
ਇਥੋਂ ਦੀ ਸਨਅਤੀ ਇਕਾਈ ਪੰਜਾਬ ਐਲਕਲੀਜ਼ ਐਂਡ ਕੈਮੀਕਲਜ਼ ਲਿਮਟਿਡ (ਪੀਏਸੀਐਲ) ਦੇ ਨਿੱਜੀਕਰਨ ਖ਼ਿਲਾਫ਼ ਅੱਜ ਟਰਾਂਸਪੋਰਟਰਾਂ ਨੇ ਕੰਮ ਨਾ ਮਿਲਣ ਕਾਰਨ ਭੀਖ ਮੰਗ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਟਰਾਂਸਪੋਰਟਰ ਆਗੂ ਸੁਰਜੀਤ ਢੇਰ ਨੇ ਕਿਹਾ ਕਿ ਪੀਏਸੀਐੱਲ ਮੈਨਜਮੈਂਟ ਨੇ ਛੇ ਟਾਇਰਾਂ ਵਾਲੇ ਟਰੱਕਾਂ ਨੂੰ ਕੰਮ ਦੇਣਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਟਰੱਕ ਮਾਲਕ ਮਜਬੂਰ ਹੋ ਕੇ ਵੱਡੇ ਟਰਾਲੇ ਪਾ ਰਹੇ ਹਨ ਤੇ ਕਰਜ਼ਾ ਚੁੱਕ ਕੇ ਵਾਹਨ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਡਾਊਨ ਕਾਰਨ 25 ਫੀਸਦੀ ਭਾੜਾ ਘਟਾ ਦਿੱਤਾ ਗਿਆ ਹੈ ਤੇ ਦਿਹਾੜੀ ਵੀ ਬੰਦ ਕਰ ਦਿੱਤੀ ਗਈ ਹੈ। ਟਰਾਂਸਪੋਰਟਰਾਂ ਨੇ ਕਿਹਾ ਕਿ ਇਸ ਕਾਰਨ ਟਰੱਕ ਮਾਲਕਾਂ ਨੂੰ ਘਾਟਾ ਸਹਿਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਨੇ ਭਾਵੇਂ ਇਹ ਰੇਟ ਸਿਰਫ ਤਿੰਨ ਮਹੀਨਿਆਂ ਲਈ ਘਟਾਏ ਸਨ ਪਰ ਹੁਣ ਤੱਕ ਨਹੀਂ ਵਧਾਏ ਗਏ। ਉਨ੍ਹਾਂ ਖੁਲਾਸਾ ਕੀਤਾ ਕਿ ਹੁਣ ਇਸ ਸਨਅਤ ਨੂੰ ਪੰਜਾਬ ਸਰਕਾਰ ਨੇ ਲੀਜ਼ ’ਤੇ ਦੇ ਦਿੱਤਾ ਹੈ। ਨਵੀਂ ਮੈਨਜਮੈਂਟ ਨੇ ਆਪਣੀਆਂ ਵੱਡੀਆਂ ਗੱਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਛੋਟੇ ਟਰੱਕ ਮਾਲਕਾਂ ਲਈ ਆਫਤ ਖੜ੍ਹੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਟਰੱਕ ਮਾਲਕਾਂ ਦੀ ਆਮਦਨ ਨੂੰ ਵੱਡਾ ਖੌਰਾ ਲੱਗਾ ਹੈ ਜਿਸ ਦੇ ਚਲਦਿਆਂ ਉਹ ਸੰਘਰਸ਼ ਦੇ ਰਾਹ ਪਏ ਹਨ।
ਇਸ ਮੌਕੇ ਕਾਮਰੇਡ ਸੁਰਜੀਤ ਸਿੰਘ ਢੇਰ, ਸੰਗਤ ਸਿੰਘ ਠੀਕਰੀਵਾਲ, ਭਾਗ ਸਿੰਘ ਬਾਸੋਵਾਲ, ਸੁੱਚਾ ਸਿੰਘ ਜਿੰਦਬੜੀ, ਗੁਰਮੇਲ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਕੋਲੋਂ ਰੁਜ਼ਗਾਰ ਦਾ ਸਾਧਨ ਖੋਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਟਰੱਕ ਮਾਲਕਾਂ ਨੇ ਪੜਾਅਵਾਰ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।