ਨਵੀਂ ਦਿੱਲੀ, 16 ਦਸੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਸੰਸਦ ਮੈਂਬਰਾਂ ਨੇ ਅੱਜ ਰੱਖਿਆ ਬਾਰੇ ਸੰਸਦੀ ਕਮੇਟੀ ਦੀ ਬੈਠਕ ’ਚੋਂ ਵਾਕਆਊਟ ਕਰਦਿਆਂ ਦੋਸ਼ ਲਾਇਆ ਕਿ ਪੈਨਲ ਦਾ ਸਮਾਂ ਕੌਮੀ ਸੁਰੱਖਿਆ ਦੇ ਅਹਿਮ ਮੁੱਦੇ ਦੀ ਬਜਾਏ ਹਥਿਆਰਬੰਦ ਬਲਾਂ ਦੀ ਵਰਦੀ ਬਾਰੇ ਚਰਚਾ ਕਰਨ ਵਿੱਚ ਗੁਆਇਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਬੈਠਕ ਦੌਰਾਨ ਜਦੋਂ ਗਾਂਧੀ ਨੇ ਚੀਨੀ ਹਮਲੇ ਅਤੇ ਲੱਦਾਖ ਵਿੱਚ ਸਰਹੱਦ ’ਤੇ ਜਵਾਨਾਂ ਕੋਲ ਵਧੇਰੇ ਅਸਲਾ ਤੇ ਸਹੂਲਤਾਂ ਦੇਣ ਦਾ ਮੁੱਦਾ ਚੁੱਕਿਆ ਤਾਂ ਪੈਨਲ ਦੇ ਚੇਅਰਮੈਨ ਜੁਆਲ ਓਰਮ (ਭਾਜਪਾ) ਨੇ ਉਨ੍ਹਾਂ ਨੂੰ ਬੋਲਣ ਦੀ ਆਗਿਆ ਨਾ ਦਿੱਤੀ। ਸੂਤਰਾਂ ਅਨੁਸਾਰ ਜਦੋਂ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ ਮੌਜਦੂਗੀ ਵਿੱਚ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ ਵਰਦੀਆਂ ਦੇ ਮੁੱਦੇ ’ਤੇ ਚਰਚਾ ਹੋ ਰਹੀ ਸੀ ਤਾਂ ਗਾਂਧੀ ਨੇ ਵਿਚਾਲਿਓਂ ਟੋਕਦਿਆਂ ਕਿਹਾ ਕਿ ਵਰਦੀ ਬਾਰੇ ਚਰਚਾ ਕਰਨ ਦੀ ਬਜਾਏ, ਸਿਆਸੀ ਆਗੂਆਂ ਨੂੰ ਕੌਮੀ ਸੁਰੱਖਿਆ ਅਤੇ ਬਲਾਂ ਦੀ ਮਜ਼ਬੂਤੀ ਬਾਰੇ ਚਰਚਾ ਕਰਨੀ ਚਾਹੀਦੀ ਹੈ। ਕਮੇਟੀ ਮੂਹਰੇ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ ਵਰਦੀਆਂ ਦੇ ਰੰਗ ਬਾਰੇ ਪੇਸ਼ਕਾਰੀ ਦਿੱਤੀ ਜਾ ਰਹੀ ਸੀ ਤਾਂ ਭਾਜਪਾ ਮੈਂਬਰ ਨੇ ਤਿੰਨਾਂ ਸੈਨਾਵਾਂ ਦੀਆਂ ਵਰਦੀਆਂ ਦੇ ਰੰਗ ਵਿੱਚ ਅਮਰੀਕਾ ਵਾਂਗ ਇਕਸਾਰਤਾ ਲਿਆਉਣ ਦਾ ਸੁਝਾਅ ਦਿੱਤਾ। ਇਸ ’ਤੇ ਕਾਂਗਰਸ ਦੇ ਸਾਬਕਾ ਮੁਖੀ ਨੇ ਕਿਹਾ ਕਿ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਨੂੰ ਆਪਣੀ ਵਰਦੀ ਦੇ ਰੰਗ ਬਾਰੇ ਫ਼ੈਸਲਾ ਲੈਣਾ ਚਾਹੀਦਾ ਹੈ, ਨਾ ਕਿ ਸਿਆਸਤਦਾਨਾਂ ਨੂੰ। ਗਾਂਧੀ ਨੇ ਬੈਠਕ ਦੌਰਾਨ ਕਿਹਾ, ‘‘ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਨੇ ਕਿਹੜੀ ਵਰਦੀ ਪਹਿਨਣੀ ਹੈ, ਇਸ ਨਾਲ ਸਿਆਸਤਦਾਨਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਅਤੇ ਅਜਿਹਾ ਕਰਕੇ ਉਨ੍ਹਾਂ ਨੂੰ ਨੀਵਾਂ ਨਾ ਦਿਖਾਇਆ ਜਾਵੇ। ਇਸ ਦੀ ਬਜਾਏ ਸਿਆਸੀ ਲੀਡਰਸ਼ਿਪ ਨੂੰ ਗਰਮ ਟੈਂਟ, ਬੂਟ ਅਤੇ ਜਵਾਨਾਂ ਨੂੰ ਵਧੇਰੇ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ, ਜੋ ਕਿ ਲੱਦਾਖ ਵਿੱਚ ਸਰਹੱਦ ’ਤੇ ਡਟੇ ਹੋਏ ਹਨ ਅਤੇ ਚੀਨ ਨਾਲ ਲੋਹਾ ਲੈ ਰਹੇ ਹਨ।’’ ਸੂਤਰਾਂ ਅਨੁਸਾਰ ਗਾਂਧੀ ਨੇ ਕਿਹਾ, ‘‘ਲੀਡਰਸ਼ਿਪ ਨੂੰ ਇਸ ਗੱਲ ’ਤੇ ਧਿਆਨ ਦੇਣਾ ਚਾਹੀਦਾ ਹੈ ਕਿ ਦੁਸ਼ਮਣ ਨੂੰ ਪਿੱਛੇ ਕਿਵੇਂ ਮੋੜਨਾ ਹੈ ਅਤੇ ਹਥਿਆਰਬੰਦ ਬਲਾਂ ਨੂੰ ਸਮਰਥਨ ਅਤੇ ਮਜ਼ਬੂਤੀ ਕਿਵੇਂ ਦੇਣੀ ਹੈ, ਨਾ ਕਿ ਉਨ੍ਹਾਂ ਦੀ ਵਰਦੀਆਂ ਦੇ ਰੰਗਾਂ ਬਾਰੇ ਹੁਕਮ ਚਾੜ੍ਹਨੇ ਚਾਹੀਦੇ ਹਨ।’’ ਇਸ ’ਤੇ ਬੈਠਕ ਵਿੱਚ ਭਖਵੀਂ ਬਹਿਸ ਹੋਈ। ਕਮੇਟੀ ਦੇ ਚੇਅਰਮੈਨ ਨੇ ਗਾਂਧੀ ਨੂੰ ਹੋਰ ਬੋਲਣ ਦੀ ਆਗਿਆ ਨਾ ਦਿੱਤੀ, ਜਿਸ ਕਰਕੇ ਕਾਂਗਰਸੀ ਆਗੂਆਂ ਨੇ ਵਾਕਆਊਟ ਕਰਨ ਦਾ ਫ਼ੈਸਲਾ ਕੀਤਾ। ਸੂਤਰਾਂ ਅਨੁਸਾਰ ਪਾਰਟੀ ਮੈਂਬਰ ਰਾਜੀਵ ਸਾਤਵ ਅਤੇ ਰੇਵਾਂਤ ਰੈਡੀ ਵੀ ਰਾਹੁਲ ਗਾਂਧੀ ਨਾਲ ਮੀਟਿੰਗ ’ਚੋਂ ਬਾਹਰ ਚਲੇ ਗਏ। -ਪੀਟੀਆਈ