ਦਰਸ਼ਨ ਸਿੰਘ ਸੋਢੀ
ਮੁਹਾਲੀ 16 ਦਸੰਬਰ
ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲੋਕ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਅੱਜ ਇੱਥੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਮੁਹਾਲੀ ਏਅਰਪੋਰਟ ਸੜਕ ‘ਤੇ ਪੰਜਾਬ ਦੇ ਸੀਨੀਅਰ ਸੇਵਾਮੁਕਤ ਆਈਏਐੱਸ ਅਫਸਰਾਂ ਸਮੇਤ ਸਾਬਕਾ ਸੈਨਿਕਾਂ, ਜਿਨ੍ਹਾਂ ਵਿੱਚ ਬ੍ਰਿਗੇਡੀਅਰ, ਕਰਨਲ ਅਤੇ ਚੀਫ ਇੰਜਨੀਅਰ ਸ਼ਾਮਲ ਹਨ, ਨੇ ਕਿਸਾਨਾਂ ਦੇ ਹੱਕ ਵਿੱਚ ਵਿਸ਼ਾਲ ਮੁਜ਼ਾਹਰਾ ਕੀਤਾ। ਤਖ਼ਤੀਆਂ ਲੈ ਕੇ ਸੇਵਾਮੁਕਤ ਆਈਏਐਸ ਕੁਲਬੀਰ ਸਿੰਘ ਅਤੇ ਐੱਸਆਰ ਲੱਧੜ ਦੀ ਅਗਵਾਈ ਹੇਠ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਗਾਏ ਗਏ। ਇਸ ਮੌਕੇ ਬ੍ਰਿਗੇਡੀਅਰ ਐੱਸਪੀ ਸਿੰਘ, ਬ੍ਰਿਗੇਡੀਅਰ ਆਰਪੀਐੱਸ ਮਾਨ, ਕਰਨਲ ਜੀਪੀਐੱਸ ਵਿਰਕ ਅਤੇ ਸੂਬੇਦਾਰ ਰਣਜੀਤ ਸਿੰਘ ਸਮੇਤ ਚੀਫ ਇੰਜਨੀਅਰ ਜੀਵਨ ਕੁਮਾਰ, ਬਲਬੀਰ ਸਿੰਘ ਸਿੱਧੂ, ਸ਼ਿਵੰਦਰ ਸਿੰਘ, ਰੋਸ਼ਨ ਲਾਲ ਔਜਲਾ, ਮੁਹੰਮਦ ਸੁਲੇਮਾਨ ਅਤੇ ਕਈ ਪੰਜਾਬੀ ਲੇਖਕ ਤੇ ਸਾਹਿਤਕਾਰ ਹਾਜ਼ਰ ਸਨ। ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਲੱਧੜ ਨੇ ਕਿਹਾ ਕਿ ਸਰਕਾਰ ਨੂੰ ਇਹ ਕਿਸਾਨ ਮਾਰੂ ਕਾਨੂੰਨ ਤੁਰੰਤ ਵਾਪਸ ਲੈਣੇ ਚਾਹੀਦੇ ਹਨ।