ਪੁਰਾਣੇ ਇਤਿਹਾਸ ਦੇ ਨਾਲ ਨਾਲ ਪੰਜਾਬੀਆਂ ਦੇ ਪੈਰਾਂ ਵਿਚ ਪਿਛਲੀ ਸਦੀ ਵਿਚ ਕੀਤੇ ਸਫ਼ਰਾਂ ਦੀਆਂ ਵਾਟਾਂ ਦੀਆਂ ਸੂਲਾਂ ਚੁਭੀਆਂ ਹੋਈਆਂ ਹਨ; ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਆਗੂ ਅਜੀਤ ਸਿੰਘ (ਭਗਤ ਸਿੰਘ ਦਾ ਚਾਚਾ) ਦੀ ਸਹੇੜੀ ਜਲਾਵਤਨੀ ਦੀਆਂ ਸੂਲਾਂ, ਕਰਤਾਰ ਸਿੰਘ ਸਰਾਭਾ, ਹਰਨਾਮ ਚੰਦ (ਨ੍ਹਾਮਾ ਫਾਂਸੀਵਾਲਾ), ਰਹਿਮਤ ਅਲੀ ਅਤੇ ਹੋਰ ਗ਼ਦਰੀਆਂ ਦੇ ਫਾਂਸੀ ਚੜ੍ਹਨ ਤੇ ਕਾਲਾ ਪਾਣੀ ਦੀਆਂ ਸਜ਼ਾਵਾਂ ਕੱਟਦੇ ਗ਼ਦਰੀਆਂ ਤੇ ਹੋਰ ਦੇਸ਼-ਭਗਤਾਂ ਦੇ ਵਰ੍ਹਿਆਂ ਨੂੰ ਦਿੱਤੇ ਗਏ ਤਸੀਹਿਆਂ ਦੀਆਂ ਸੂਲਾਂ, ਜੱਲ੍ਹਿਆਂਵਾਲੇ ਬਾਗ਼ ’ਚ ਚਲਦੀਆਂ ਗੋਲੀਆਂ, ਡਿੱਗਦੀਆਂ ਲਾਸ਼ਾਂ ਅਤੇ ਤੜਫਦੇ ਹੋਏ ਜਿਸਮਾਂ ’ਤੇ ਲੱਗੇ ਜ਼ਖ਼ਮਾਂ ਦੀਆਂ ਸੂਲਾਂ, ਅਕਾਲੀ ਮੋਰਚਿਆਂ ਵਿਚ ਬੀਟੀ ਤੇ ਉਹਦੇ ਵਰਗੇ ਹੋਰ ਜ਼ਾਲਮਾਂ ਦੀਆਂ ਡਾਂਗਾਂ ਨਾਲ ਜ਼ਖ਼ਮੀ ਹੋਏ ਸੂਰਮਿਆਂ ਦੀ ਤੜਫ਼ ਦੀਆਂ ਸੂਲਾਂ, ਫਾਂਸੀ ’ਤੇ ਝੂਲਦੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ, ਊਧਮ ਸਿੰਘ ਅਤੇ ਹੋਰ ਸੂਰਮਿਆਂ ਦੀਆਂ ਯਾਦ ਦੀਆਂ ਸੂਲਾਂ, 1947 ਦੀ ਵੰਡ ਦੇ ਫੱਟਾਂ ਦੀਆਂ ਸੂਲਾਂ, 1970ਵਿਆਂ ਦੇ ਜੁਝਾਰੂ ਵਿਦਰੋਹ ਦੇ ਵੀਰਾਂ ਦੀਆਂ ਜ਼ਿੰਦਗੀਆਂ ਦੇ ਰੁਲਣ ਦੀਆਂ ਸੂਲਾਂ, 1980ਵਿਆਂ ਦੇ ਸੰਤਾਪ ਅਤੇ 1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਹੋਏ ਕਤਲੇਆਮ ਦੇ ਨਾ ਭੁੱਲਣ ਵਾਲੇ ਦੁੱਖਾਂ ਦੀਆਂ ਸੂਲਾਂ, ਨਸ਼ਿਆਂ ਵਿਚ ਡੁਬੋਏ ਗਏ ਪੰਜਾਬ ਦੇ ਨੌਜਵਾਨਾਂ ਦੇ ਮਾਪਿਆਂ ਦੀਆਂ ਆਹਾਂ ਦੀਆਂ ਸੂਲਾਂ, ਖ਼ੁਦਕੁਸ਼ੀ ਕਰ ਗਏ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਦੇ ਦਰਦ ਦੀਆਂ ਸੂਲਾਂ। ਪੰਜਾਬੀਆਂ ਦੇ ਪੱਛੇ ਹੋਏ ਸਰੀਰ ਮੰਗ ਕਰਦੇ ਹਨ ਕਿ ਕਿਸਾਨ ਆਗੂ ਆਪਣੀ ਸਾਂਝ ਕਾਇਮ ਰੱਖਣ, ਆਪਸ ਵਿਚ ਕੋਈ ਬੇਇਤਫ਼ਾਕੀ ਨਾ ਆਉਣ ਦੇਣ ਜਿਵੇਂ ਕਿਰਤੀ ਕਵੀ ਸ਼ਮਸ਼ਦੀਨ ‘ਸ਼ਮਸ਼’ ਨੇ ਸਾਨੂੰ ਤਾੜਨਾ ਕੀਤੀ ਸੀ, ‘‘ਸਾਨੂੰ ਪੁੱਟ ਦਿੱਤਾ ਬੇਇਤਫਾਕੀਆਂ ਨੇ/ਤਦੇ ਹੋ ਰਹੇ ਹਾਂ ਪਸ਼ੇਮਾਨ ਯਾਰੋ।’’
ਸਾਰਾ ਦੇਸ਼ ਪੰਜਾਬ ਅਤੇ ਹਰਿਆਣੇ ਵੱਲ ਦੇਖ ਰਿਹਾ ਹੈ; ਹਰਿਆਣਾ ਤੇ ਦਿੱਲੀ ਦੀਆਂ ਹੱਦਾਂ – ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ’ਤੇ ਅੰਦੋਲਨ ਕਰ ਰਹੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲ। ਇਹ ਵਲਵਲਾ ਪੰਜਾਬ ਤੋਂ ਉੱਠਿਆ ਸੀ ਅਤੇ ਇਸ ਤਰ੍ਹਾਂ ਪ੍ਰਤੀਕਾਤਮਕ ਤੌਰ ’ਤੇ ਸਾਰੇ ਦੇਸ਼ ਦੀਆਂ ਨਜ਼ਰਾਂ ਪੰਜਾਬ ਉੱਤੇ ਲੱਗੀਆਂ ਹੋਈਆਂ ਹਨ। ਦੇਸ਼ ਤਾਂ ਪੰਜਾਬ ਦੀ ਗੂੰਜ ਸੁਣ ਰਿਹਾ ਹੈ ਪਰ ਸਾਰਾ ਪੰਜਾਬ ਕਿਸ ਵੱਲ ਵੇਖ ਰਿਹਾ ਹੈ? ਸਾਰਾ ਪੰਜਾਬ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲ ਦੇਖ ਰਿਹਾ ਹੈ; ਉਨ੍ਹਾਂ ਦਾ ਸ਼ਬਦ ਸ਼ਬਦ ਸੁਣ ਰਿਹਾ ਹੈ।
ਪੰਜਾਬ ਹਰਿਆਣਾ ਅਤੇ ਦਿੱਲੀ ਦੀਆਂ ਹੱਦਾਂ ’ਤੇ ਵੀ ਬੈਠਾ ਹੋਇਆ ਹੈ ਅਤੇ ਪੰਜਾਬ ਦੇ ਘਰਾਂ ਅਤੇ ਖੇਤਾਂ ਵਿਚ ਬੈਠਾ ਹੋਇਆ ਵੀ ਹਰਿਆਣਾ-ਦਿੱਲੀ ਦੀਆਂ ਹੱਦਾਂ ’ਤੇ ਲੱਗੇ ਮੋਰਚੇ ’ਤੇ ਹਾਜ਼ਰ ਹੈ; ਭਾਰਤ ਦੇ ਹੋਰ ਪ੍ਰਾਂਤਾਂ ਵਿਚ ਵਸਦੇ ਪੰਜਾਬੀ ਵੀ ਇਸ ਮੋਰਚੇ ਨਾਲ ਇਕਸੁਰ ਹਨ। ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਹੋਰ ਧਰਤੀਆਂ ’ਤੇ ਵਸਦਾ ਪੰਜਾਬ ਵੀ ਇਸ ਮੋਰਚੇ ਦੇ ਸਾਹਾਂ ਦੇ ਨਾਲ ਸਾਹ ਲੈ ਰਿਹਾ ਹੈ। ਪੰਜਾਬ ਜਾਣਦਾ ਹੈ ਕਿ ਇਸ ਮੋਰਚੇ ਨੇ ਪੰਜਾਬ ਦੀ ਆਤਮਾ ਨੂੰ ਜਗਾਇਆ ਹੈ; ਵਰ੍ਹਿਆਂ ਤੋਂ ਸੁੱਤੇ ਜਜ਼ਬਿਆਂ ਨੂੰ ਝੰਜੋੜਿਆ ਅਤੇ ਪੰਜਾਬ ਦੀ ਨਾਬਰੀ ਦੀ ਰਵਾਇਤ ਨੂੰ ਪੁਨਰ-ਸੁਰਜੀਤ ਕੀਤਾ ਹੈ ਪਰ ਇਨ੍ਹਾਂ ਸਭ ਗੱਲਾਂ ਤੇ ਤੱਥਾਂ ਦੇ ਬਾਵਜੂਦ ਥਾਂ ਥਾਂ ’ਤੇ ਵਸਦੇ ਪੰਜਾਬੀਆਂ ਦੇ ਮਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਸ਼ਬਦਾਂ ਨੂੰ ਇਉਂ ਪੀ ਰਹੇ ਹਨ ਜਿਉਂ ਪਪੀਹੇ ਸਵਾਤੀ ਬੂੰਦ ਨੂੰ ਪੀਂਦੇ ਹਨ। ਜਦੋਂ ਪੰਜਾਬੀਆਂ ਦੇ ਕੰਨਾਂ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਬੋਲਿਆ ਕੋਈ ਅਜਿਹਾ ਸ਼ਬਦ ਪੈਂਦਾ ਹੈ ਜਿਹੜਾ ਉਨ੍ਹਾਂ ਨੂੰ ਅੰਦੋਲਨ ਦੀ ਸਾਂਝ ਦੀ ਲੀਹ ਤੋਂ ਮਾੜਾ ਜਿਹਾ ਲਾਂਭੇ ਲੈ ਜਾ ਰਿਹਾ ਜਾਪਦਾ ਹੋਵੇ ਤਾਂ ਪੰਜਾਬੀਆਂ ਦੇ ਦਿਲ ਧੜਕਣ ਲੱਗ ਪੈਂਦੇ ਹਨ, ਉਨ੍ਹਾਂ ਦੇ ਕਾਲਜਿਆਂ ’ਚ ਡੋਬੂ ਪੈਣ ਲੱਗਦੇ ਹਨ, ਉਨ੍ਹਾਂ ਦੇ ਹਿਰਦੇ ਡੋਲ ਜਾਂਦੇ ਹਨ। ਪੰਜਾਬੀ ਕਿਸਾਨ ਆਗੂਆਂ ਦੀਆਂ ਤਕਰੀਰਾਂ ’ਚ ਸਿਰਫ਼ ਇਕ ਹੀ ਚੀਜ਼ ਵੇਖਣਾ ਚਾਹੁੰਦੇ ਹਨ ਅਤੇ ਉਹ ਹੈ ਸਾਂਝੀਵਾਲਤਾ, ਸਾਂਝੀਵਾਲਤਾ ਤੇ ਸਾਂਝੀਵਾਲਤਾ; ਬਾਬਾ ਨਾਨਕ ਜੀ ਦੀ ਬਖ਼ਸ਼ੀ ਹੋਈ ਸਾਂਝੀਵਾਲਤਾ। ਜਿਵੇਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ, ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।।’’ ਇਸ ਵੇਲੇ ਕਿਸਾਨ ਆਗੂਆਂ ਦੀ ਲਿਵ ਦੁਬਿਧਾ ਦੂਰ ਕਰਨ ਅਤੇ ਆਪਸ ਵਿਚ ਇਕੱਤਰ ਹੋ ਕੇ ਬਹਿਣ ਵਿਚ ਨਿਹਿਤ ਹੋਣੀ ਚਾਹੀਦੀ ਹੈ।
ਲੋਕ-ਰੋਹ, ਲੋਕ-ਵੇਗ ਅਤੇ ਇਤਿਹਾਸ ਨੇ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਉਸ ਮੁਕਾਮ ’ਤੇ ਪਹੁੰਚਾ ਦਿੱਤਾ ਹੈ ਜਿੱਥੇ ਉਨ੍ਹਾਂ ਨੇ ਪੰਜਾਬ ਅਤੇ ਦੇਸ਼ ਦੇ ਇਤਿਹਾਸ ਦਾ ਫ਼ੈਸਲਾ ਕਰਨਾ ਹੈ। ਉਹ ਪੰਜਾਬ ਦੀ ਸਮੂਹਿਕ ਵੇਦਨ ਦੇ ਸੁਣਾਵਨਹਾਰ ਬਣ ਗਏ ਹਨ। ਉਹ ਪੰਜਾਬ ਦੀ ਪੱਤ ਦੇ ਰੱਖਣਹਾਰ ਹਨ; ਉਹ ਲੋਕ-ਬੁਲਾਰੇ ਹਨ; ਉਹ ਅੱਜ ਦੇ ਪੰਜਾਬ ਦੇ ਰਹਬਿਰ ਹਨ।
ਇੱਥੇ ਪਹੁੰਚਣ ਵਿਚ ਸਭ ਤੋਂ ਵੱਡਾ ਹਿੱਸਾ ਜਿਸ ਚੀਜ਼ ਨੇ ਪਾਇਆ ਹੈ, ਉਹ ਹੈ ਕਿਸਾਨ ਜਥੇਬੰਦੀਆਂ ਦਾ ਏਕਾ ਅਤੇ ਐਕਸ਼ਨ ਦੀ ਸਾਂਝ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਈ ਦਹਾਕਿਆਂ ਤੋਂ ਲਗਾਤਾਰ ਸਥਾਨਕ ਘੋਲ ਕਰ ਰਹੀਆਂ ਹਨ, ਉਨ੍ਹਾਂ ਨੇ ਵੱਖ ਵੱਖ ਇਲਾਕਿਆਂ ਵਿਚ ਸ਼ਕਤੀਸ਼ਾਲੀ ਤਨਜ਼ੀਮਾਂ ਬਣਾਈਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਅਤੇ ਜਥੇਬੰਦ ਕੀਤਾ ਹੈ; ਵੱਖ ਵੱਖ ਮੁੱਦਿਆਂ ’ਤੇ ਮੋਰਚੇ ਲਾਏ ਹਨ; ਕਿਸਾਨਾਂ ਅਤੇ ਹੋਰ ਵਰਗਾਂ ਦੇ ਮੁੱਦਿਆਂ ’ਤੇ ਸੰਘਰਸ਼ ਵਿੱਢੇ ਹਨ ਪਰ ਇਹ ਅੰਦੋਲਨ ਜਿਸ ਸਿਖ਼ਰ ’ਤੇ ਪਹੁੰਚਿਆ ਹੈ, ਉਸ ਵਿਚ ਵੱਡਾ ਹਿੱਸਾ ਕਿਸਾਨ ਜਥੇਬੰਦੀਆਂ ਦੇ ਸਾਂਝੇ ਐਕਸ਼ਨ ਤੋਂ ਪੈਦਾ ਹੋਏ ਵੇਗ ਦਾ ਹੈ; ਉਹ ਵੇਗ, ਜਿਸ ਨੇ ਹਰ ਪੰਜਾਬੀ ਦੇ ਮਨ ਨੂੰ ਟੁੰਬਿਆ ਹੈ ਅਤੇ ਉਸ ਅੰਦਰ ਬੇਇਨਸਾਫ਼ੀ ਵਿਰੁੱਧ ਲੜਨ ਦੀਆਂ ਤਰਬਾਂ ਜਗਾਈਆਂ ਹਨ।
ਇਸ ਤਰ੍ਹਾਂ ਪੰਜਾਬ, ਪੰਜਾਬ ਦਾ ਵਿਰਸਾ, ਤਾਰੀਖ਼ ਅਤੇ ਭਵਿੱਖ ਇਨ੍ਹਾਂ ਕਿਸਾਨ ਆਗੂਆਂ ਤੋਂ ਮੰਗ ਕਰਦੇ ਹਨ ਕਿ ਉਹ ਸਾਂਝ ਅਤੇ ਸਾਂਝੇ ਐਕਸ਼ਨ ਤੋਂ ਕਿਤੇ ਵੀ ਨਾ ਥਿੜਕਣ। ਜਿੱਥੇ ਜਥੇਬੰਦੀਆਂ ਹੁੰਦੀਆਂ ਹਨ, ਉੱਥੇ ਵਿਚਾਰਾਂ ਦਾ ਟਕਰਾਉ ਅਤੇ ਵਿਚਾਰਧਾਰਕ ਵਖਰੇਵੇਂ ਹੋਣੇ ਲਾਜ਼ਮੀ ਹਨ ਪਰ ਜਦ ਟੀਚਾ ਇਕ ਹੋਵੇ ਤਾਂ ਟਕਰਾਉ, ਵਖਰੇਵੇਂ ਅਤੇ ਹਉਮੈ ਨੂੰ ਇਕ ਪਾਸੇ ਰੱਖਣਾ ਪੈਂਦਾ ਹੈ। ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਆਪਸ ਵਿਚ ਮਿਲ ਬਹਿਣ, ਵਿਚਾਰ-ਵਟਾਂਦਰਾ ਕਰਨ ਅਤੇ ਸ਼ਬਦਾਂ ਦੀ ਜ਼ਬਤ ਕਾਇਮ ਰੱਖਦਿਆਂ ਸ਼ਬਦਾਂ ਨੂੰ ਬੜੇ ਧਿਆਨ ਨਾਲ ਵਰਤਣ। ਵਿਚਾਰ ਦੀ ਪ੍ਰਮੁੱਖਤਾ ਬਾਰੇ ਕਾਦਰ ਯਾਰ ਨੇ ਬਾਬਾ ਨਾਨਕ ਜੀ ਨੂੰ ਯਾਦ ਕਰਦਿਆਂ ਕਿਹਾ ਹੈ, ‘‘ਕਾਦਰ ਯਾਰ ਹੈ ਸੁੱਖ ਵਿਚਾਰ ਦੇ ਵਿਚ/ਜਿਵੇਂ ਆਪ ਹੈ ਨਾਨਕ ਫਰਮਾਂਵਦਾ ਜੀ।’’ ਵਿਚਾਰ ਦੇ ਅਰਥ ਸਰਬ-ਸ਼ਕਤੀਮਾਨ ਪਰਮਾਤਮਾ ਦੇ ਨਾਲ ਨਾਲ ਵੀ ਜੁੜਦੇ ਹਨ ਅਤੇ ਆਪਸ ਵਿਚ ਵਿਚਾਰ-ਵਟਾਂਦਰਾ ਕਰਨ ਦੇ ਨਾਲ ਵੀ।
ਕਿਸਾਨ ਆਗੂਆਂ ਨੂੰ ਆਪਸ ਵਿਚ ਵਿਚਾਰ-ਵਟਾਂਦਰਾ ਕਰਕੇ ਆਪਣਾ ਹਰ ਐਕਸ਼ਨ ਤੇ ਸ਼ਬਦ ਨੂੰ ਸਾਂਝ ਅਤੇ ਸਾਂਝੀਵਾਲਤਾ ਦੀ ਜ਼ਮੀਨ ਦੇਣੀ ਪੈਣੀ ਹੈ ਕਿਉਂਕਿ ਇਹ ਉਨ੍ਹਾਂ ਦੀ ਇਤਿਹਾਸਕ ਜ਼ਿੰਮੇਵਾਰੀ ਹੈ; ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਨਿਭਾਉਣੀ ਪੈਣੀ ਹੈ ਅਤੇ ਪੰਜਾਬ ਦੇ ਲੋਕ ਜਾਣਦੇ ਹਨ ਕਿ ਕਿਸਾਨ ਆਗੂ ਇਹ ਜ਼ਿੰਮੇਵਾਰੀ ਨਿਭਾਉਣ ਦੇ ਕਾਬਲ ਹਨ ਕਿਉਂਕਿ ਇਹ ਉਨ੍ਹਾਂ ਦੀ ਅਗਵਾਈ ਹੀ ਹੈ ਜਿਸ ਹੇਠ ਇਹ ਅੰਦੋਲਨ ਇਸ ਸੰਘਰਸ਼ਮਈ ਮੁਕਾਮ ’ਤੇ ਪਹੁੰਚਿਆ ਹੈ। ਇਕ ਪੰਜਾਬੀ ਲੋਕ-ਗੀਤ ਦੇ ਸ਼ਬਦ ਉਧਾਰੇ ਮੰਗ ਕੇ ਕਿਹਾ ਜਾ ਸਕਦਾ ਹੈ ਕਿ ਅੱਜ ਸਾਰੇ ਪੰਜਾਬੀਆਂ ਦੇ ਮਨਾਂ ਦੀ ਅਰਦਾਸ ਇਹੀ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਏਕਾ ਕਾਇਮ ਰਹੇ; ਲੋਕ-ਗੀਤ ਦੇ ਸ਼ਬਦਾਂ ਨੂੰ ਵਰਤਦਿਆਂ ਅਸੀਂ ਆਪਣੇ ਸੱਜਣਾਂ, ਕਿਸਾਨ ਆਗੂਆਂ ਨੂੰ ਕਹਿ ਸਕਦੇ ਹਾਂ ਕਿ ‘‘ਕਿਆ ਸੱਜਣੋ, ਕਿਆ ਸੱਜਣੋ, ਕੋਈ ਨੈਣਾਂ ਦੀ ਅਰਦਾਸ/ਸਾਡਾ ਚਿੱਤ ਤੁਹਾਡੜੇ ਪਾਸ, ਉੱਚਿਓ ਸੱਜਣੋ/ਸਾਡਾ ਚਿੱਤ ਤੁਹਾਡੜੇ ਪਾਸ!’’ ਕਿਸਾਨ ਆਗੂ ਪੰਜਾਬ ਦੇ ਉੱਚੇ ਸੱਜਣ ਬਣ ਗਏ ਹਨ। ਸਾਰੇ ਪੰਜਾਬ ਦਾ ਚਿੱਤ ਉਨ੍ਹਾਂ ਦੇ ਬੋਲਾਂ ਤੇ ਵੰਗਾਰਾਂ ਵਿਚ ਧੜਕਦਾ ਹੈ; ਉਹ ਪੰਜਾਬੀਆਂ ਦੇ ਮਨਾਂ ਵਿਚ ਧੜਕਦੀ ਆਰਜ਼ੂ ਦੇ ਨਿਗਾਹਬਾਨ ਹਨ; ਉਨ੍ਹਾਂ ਨੇ ਬੇਉਮੀਦ ਹੋ ਚੁੱਕੇ ਦੇਸ਼ ਨੂੰ ਹੁਲਾਰਾ ਦਿੱਤਾ ਹੈ; ਨਾਉਮੀਦੀ ਦੇ ਹਨੇਰੇ ਵਿਚ ਉਮੀਦ ਪੈਦਾ ਕੀਤੀ ਹੈ; ਦੇਸ਼ ਨੂੰ ਨਿਰਾਸ਼ਾ ਦੇ ਡੂੰਘੇ ਸਮੁੰਦਰ ਵਿਚੋਂ ਕੱਢਿਆ ਹੈ। ਉਹ ਪੰਜਾਬ ਦੇ ਰਾਂਝੇ ਹਨ ਜਿਨ੍ਹਾਂ ਨੇ ਕਾਰਪੋਰੇਟ ਖੇੜਿਆਂ ਨਾਲ ਮੱਥਾ ਲਾਇਆ ਹੈ। ਮੁਹੰਮਦ ਬੂਟਾ ਦੇ ਸ਼ਬਦਾਂ ਨੂੰ ਵਰਤਦਿਆਂ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦਾ ਪੰਜਾਬ ਦੇ ਨਾਲ ਕਰਾਰ ਚਿਰੋਕਣਾ ਹੈ (ਸਾਡਾ ਤਦੋਂ ਦਾ ਕਰਾਰ ਚਰੋਕਣਾ ਸੀ); ਉਨ੍ਹਾਂ ਦੇ ਵਡੇਰਿਆਂ ਦਾ ਪੰਜਾਬ ਨਾਲ ਕਰਾਰ ਮੁੱਢ-ਕਦੀਮ ਦਾ ਹੈ।
ਪੁਰਾਣੇ ਇਤਿਹਾਸ ਦੇ ਨਾਲ-ਨਾਲ ਪੰਜਾਬੀਆਂ ਦੇ ਪੈਰਾਂ ਵਿਚ ਪਿਛਲੀ ਸਦੀ ਵਿਚ ਕੀਤੇ ਸਫ਼ਰਾਂ ਦੀਆਂ ਵਾਟਾਂ ਦੀਆਂ ਸੂਲਾਂ ਚੁਭੀਆਂ ਹੋਈਆਂ ਹਨ; ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਆਗੂ ਅਜੀਤ ਸਿੰਘ (ਭਗਤ ਸਿੰਘ ਦਾ ਚਾਚਾ) ਦੀ ਸਹੇੜੀ ਜਲਾਵਤਨੀ ਦੀਆਂ ਸੂਲਾਂ, ਕਰਤਾਰ ਸਿੰਘ ਸਰਾਭਾ, ਹਰਨਾਮ ਚੰਦ (ਨ੍ਹਾਮਾ ਫਾਂਸੀਵਾਲਾ), ਰਹਿਮਤ ਅਲੀ ਅਤੇ ਹੋਰ ਗ਼ਦਰੀਆਂ ਦੇ ਫਾਂਸੀ ਚੜ੍ਹਨ ਤੇ ਕਾਲਾ ਪਾਣੀ ਦੀਆਂ ਸਜ਼ਾਵਾਂ ਕੱਟਦੇ ਗ਼ਦਰੀਆਂ ਤੇ ਹੋਰ ਦੇਸ਼-ਭਗਤਾਂ ਨੂੰ ਦਿੱਤੇ ਗਏ ਤਸੀਹਿਆਂ ਦੀਆਂ ਸੂਲਾਂ, ਜੱਲ੍ਹਿਆਂਵਾਲੇ ਬਾਗ਼ ’ਚ ਚਲਦੀਆਂ ਗੋਲੀਆਂ, ਡਿੱਗਦੀਆਂ ਲਾਸ਼ਾਂ ਅਤੇ ਤੜਫਦੇ ਹੋਏ ਜਿਸਮਾਂ ’ਤੇ ਲੱਗੇ ਜ਼ਖ਼ਮਾਂ ਦੀਆਂ ਸੂਲਾਂ, ਅਕਾਲੀ ਮੋਰਚਿਆਂ ਵਿਚ ਬੀਟੀ ਤੇ ਉਹਦੇ ਵਰਗੇ ਹੋਰ ਜ਼ਾਲਮਾਂ ਦੀਆਂ ਡਾਂਗਾਂ ਨਾਲ ਜ਼ਖ਼ਮੀ ਹੋਏ ਸੂਰਮਿਆਂ ਦੀ ਤੜਫ਼ ਦੀਆਂ ਸੂਲਾਂ, ਫਾਂਸੀ ’ਤੇ ਝੂਲਦੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ, ਊਧਮ ਸਿੰਘ ਅਤੇ ਹੋਰ ਸੂਰਮਿਆਂ ਦੀਆਂ ਯਾਦਾਂ ਦੀਆਂ ਸੂਲਾਂ, 1947 ਦੀ ਵੰਡ ਦੇ ਫੱਟਾਂ ਦੀਆਂ ਸੂਲਾਂ, 1970ਵਿਆਂ ਦੇ ਜੁਝਾਰੂ ਵਿਦਰੋਹ ਦੇ ਵੀਰਾਂ ਦੀਆਂ ਜ਼ਿੰਦਗੀਆਂ ਦੇ ਰੁਲਣ ਦੀਆਂ ਸੂਲਾਂ, 1980ਵਿਆਂ ਦੇ ਸੰਤਾਪ ਅਤੇ 1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਹੋਏ ਕਤਲੇਆਮ ਦੇ ਨਾ ਭੁੱਲਣ ਵਾਲੇ ਦੁੱਖਾਂ ਦੀਆਂ ਸੂਲਾਂ, ਨਸ਼ਿਆਂ ਵਿਚ ਡੁਬੋਏ ਗਏ ਪੰਜਾਬ ਦੇ ਨੌਜਵਾਨਾਂ ਦੇ ਮਾਪਿਆਂ ਦੀਆਂ ਆਹਾਂ ਦੀਆਂ ਸੂਲਾਂ, ਖ਼ੁਦਕੁਸ਼ੀ ਕਰ ਗਏ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਦੇ ਦਰਦ ਦੀਆਂ ਸੂਲਾਂ। ਪੰਜਾਬੀਆਂ ਦੇ ਪੱਛੇ ਹੋਏ ਸਰੀਰ ਮੰਗ ਕਰਦੇ ਹਨ ਕਿ ਕਿਸਾਨ ਆਗੂ ਆਪਣੀ ਸਾਂਝ ਕਾਇਮ ਰੱਖਣ, ਆਪਸ ਵਿਚ ਕੋਈ ਬੇਇਤਫ਼ਾਕੀ ਨਾ ਆਉਣ ਦੇਣ ਜਿਵੇਂ ਕਿਰਤੀ ਕਵੀ ਸ਼ਮਸਦੀਨ ‘ਸ਼ਮਸ’ ਨੇ ਸਾਨੂੰ ਤਾੜਨਾ ਕੀਤੀ ਸੀ, ‘‘ਸਾਨੂੰ ਪੁੱਟ ਦਿੱਤਾ ਬੇਇਤਫਾਕੀਆਂ ਨੇ/ਤਦੇ ਹੋ ਰਹੇ ਹਾਂ ਪਸ਼ੇਮਾਨ ਯਾਰੋ।’’
ਅੱਜ ਪੰਜਾਬ ਦੇ ਲੋਕ ਪੰਜਾਬ ਦੀ ਧਰਤ ਨੂੰ ਚੁੰਮਦੇ ਅਤੇ ਆਪਣੇ ਦਿਲ ਵਿਚਲੀਆਂ ਰਮਜ਼ਾਂ ਨੂੰ ਪਛਾਣਦੇ ਹੋਏ ਹਰਿਆਣਾ-ਦਿੱਲੀ ਦੀਆਂ ਹੱਦਾਂ ਨੂੰ ਵਹੀਰਾਂ ਇਸ ਲਈ ਘੱਤ ਰਹੇ ਹਨ ਕਿ ਉੱਥੇ ਲੱਗੇ ਮੋਰਚੇ ਕਿਸਾਨ ਜਥੇਬੰਦੀਆਂ ਦੀ ਸਾਂਝ ਦੇ ਕਰਾਮਾਤੀ ਮੋਰਚੇ ਹਨ। ਇਹੋ ਜਿਹਾ ਚਮਤਕਾਰ ਪੰਜਾਬ ਦੇ ਇਤਿਹਾਸ ਵਿਚ ਕਈ ਦਹਾਕਿਆਂ ਤੋਂ ਨਹੀਂ ਸੀ ਵਾਪਰਿਆ। ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੈ ਕਿ ਸਾਂਝ ਦੇ ਇਸ ਹੁਲਾਰੇ ਤੋਂ ਨਿਕਲਦੀਆਂ ਤਰਬਾਂ ਨੂੰ ਠੋਸ ਹਕੀਕੀ ਰੂਪ ਦੇਣ ਅਤੇ ਬੇਇਨਸਾਫ਼ੀ ਵਿਰੁੱਧ ਵਿੱਢੀ ਲੜਾਈ ਦੇ ਮੁਹਾਜ਼ ਵਿਚ ਕੋਈ ਤਰੇੜ ਨਾ ਆਉਣ ਦੇਣ। ਇਹ ਉਨ੍ਹਾਂ ਦੀ ਸਿਦਕ-ਦਿਲੀ ਦਾ ਇਮਤਿਹਾਨ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹ ਇਸ ਇਮਤਿਹਾਨ ਵਿਚ ਸਫ਼ਲ ਹੋਣਗੇ। ਸਾਰਾ ਪੰਜਾਬ ਉਨ੍ਹਾਂ ਦੇ ਨਾਲ ਹੈ। ਕਿਸਾਨ ਆਗੂ ਇਸ ਸੰਘਰਸ਼ ਦੇ ਉਸਾਰਨਹਾਰ ਹਨ ਅਤੇ ਉਨ੍ਹਾਂ ਨੇ ਹੀ ਇਸ ਸੰਘਰਸ਼ ਨੂੰ ਆਪਣੇ ਟੀਚੇ ’ਤੇ ਪਹੁੰਚਾਉਣਾ ਹੈ। ਜ਼ਰੂਰਤ ਹੈ ਕਿ ਉਹ ਕੇਂਦਰ ਸਰਕਾਰ ਦੁਆਰਾ ਖੇਤੀ ਖੇਤਰ ਸਬੰਧੀ ਬਣਾਏ ਗਏ ਕਾਨੂੰਨਾਂ ਦੇ ਵਿਰੁੱਧ ਹਮਖ਼ਿਆਲ ਹੋਣ ਅਤੇ ਹਮਖ਼ਿਆਲ ਬਣੇ ਰਹਿਣ। ਇਸ ਸਮੇਂ ਰਣਜੀਤ ਸਿੰਘ ਤਾਜ਼ਵਰ ਦੇ ਕੁਝ ਬੋਲ ਯਾਦ ਕਰਨ ਵਾਲੇ ਹਨ :
ਆਓ, ਆਓ ਜੇ ਕੌਮ ਦਾ ਦਰਦ ਹੈ ਜੇ
ਸਾਂਝੀ ਕੌਮੀਅਤ ਦੀ ਪੱਕੀ ਢਾਲ ਬਣ ਜਾਓ!
ਫਿਰਕੇਦਾਰੀਆਂ ਦੇ ਤੂੰਬੇ ਤੋੜ ਸੁੱਟੋ
ਹਿੰਦੂ ਸਿੱਖ ਮੁਸਲਮ ਹਮਖਯਾਲ ਬਣ ਜਾਓ!
ਗੱਲ ਹੱਕ ਦੀ ਛੇੜਨੀ ਹੱਕ ਮਗਰੋਂ
ਹੱਕਦਾਰ ਪਹਿਲਾਂ ਜੁ ਭਿਆਲ ਬਣ ਜਾਓ!
ਪੰਜਾਬ ਕਿਸੇ ਨੂੰ ਪਹਾੜਾ ਸਿੰਘ1 ਜਾਂ ਕਿਰਪਾਲ ਸਿੰਘ2 ਬਣਿਆ ਨਹੀਂ ਦੇਖਣਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ, ‘‘ਸਾਂਝ ਪਰੇ ਰਾਜਾ ਘਰ ਐਹੈ।।’’ ਭਾਵ ਜੇ ਸਾਂਝ ਹੋ ਜਾਵੇ ਤਾਂ ਹੁਕਮਰਾਨ (ਰਾਜਾ) ਤੁਹਾਡੇ ਘਰ ਆਵੇਗਾ। ਸਾਂਝ ਸਰਬ-ਉੱਤਮ ਅਤੇ ਸਭ ਤੋਂ ਉੱਚਤਮ ਹੈ।
(1ਪਹਾੜਾ ਸਿੰਘ : ਜਿਸ ਨੇ ਸਿੱਖਾਂ ਅਤੇ ਅੰਗਰੇਜ਼ਾਂ ਦੇ ਯੁੱਧ ਵਿਚ ਅੰਗਰੇਜ਼ਾਂ ਦਾ ਸਾਥ ਦਿੱਤਾ, ਜਿਸ ਬਾਰੇ ਸ਼ਾਹ ਮੁਹੰਮਦ ਨੇ ਲਿਖਿਆ ਹੈ, ‘‘ਪਹਾੜਾ ਸਿੰਘ ਸੀ ਯਾਰ ਫਿਰੰਗੀਆਂ ਦਾ, ਸਿੰਘਾਂ ਨਾਲ ਸੀ ਓਸਦੀ ਗੈਰ-ਸਾਲੀ/ਉਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ, ਗੱਲ ਜਾ ਦੱਸੀ ਸਾਰੀ ਭੇਤ ਵਾਲੀ।’’ 2ਕਿਰਪਾਲ ਸਿੰਘ : ਇਸ ਨੇ ਗ਼ਦਰ ਲਹਿਰ ਦਾ ਭੇਤ ਅੰਗਰੇਜ਼ਾਂ ਕੋਲ ਖੋਲ੍ਹਿਆ।)